ਮੀਆਂਵਿੰਡ, 5 ਜੂਨ (ਗੁਰਪ੍ਰਤਾਪ ਸਿੰਘ ਸੰਧੂ)-ਬਲਾਕ ਪ੍ਰਧਾਨ ਦਲੇਰ ਸਿੰਘ ਸਰਲੀ ਦੇ ਗ੍ਰਹਿ ਵਿਖੇ ਪਹੁੰਚੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਹੋਈਆਂ ਨਗਰ ਪੰਚਾਇਤ ਰਈਆ ਦੀਆਂ ਚੋਣਾਂ ਵਿਚ ਵੋਟਰਾਂ ਵਲੋਂ ਦਿੱਤੇ ਸਾਥ ਦਾ ਹਮੇਸ਼ਾਂ ਰਿਣੀ ਰਹਾਂਗਾ | ਉਨ੍ਹਾਂ ਕਿਹਾ ਕਿ ਨਿੱਜੀ ਚੈਨਲਾਂ ਅਤੇ ਪਾਰਟੀ ਵਲੋਂ ਕਰਵਾਏ ਗਏ ਸਰਵੇ ਮੁਤਾਬਿਕ ਕਾਂਗਰਸ ਪਾਰਟੀ ਪੰਜਾਬ ਦੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਰਈਆ ਵਿਚ ਮੋਹਰੀ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਲੋਕ ਕਾਂਗਰਸ ਪਾਰਟੀ ਨਾਲ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਰਈਆ ਦੀ ਚੋਣ ਵਿਚ ਸੱਤਾ ਧਿਰ ਵਲੋਂ ਧੱਕੇਸ਼ਾਹੀ ਨਾਲ ਆਪਣਾ ਪ੍ਰਧਾਨ ਬਣਾਉਣ ਲਈ ਕੋਰਮ ਤੇ ਪੂਰਾ ਕਰ ਲਿਆ ਗਿਆ ਹੈ, ਪਰ ਵੋਟਾਂ ਦੀ ਦਰ ਦੇ ਹਿਸਾਬ ਨਾਲ ਕਾਂਗਰਸ ਪਾਰਟੀ ਨੇ ਸਾਰੀਆਂ ਪਾਰਟੀਆਂ ਨੂੰ ਪਛਾੜਿਆ ਹੈ | ਉਨ੍ਹਾਂ ਕਿਹਾ ਕਿ ਇਹ ਚੋਣਾਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਸੀ, ਜੋ ਪੰਜਾਬ ਦੇ ਲੋਕ ਜਿੱਤ ਚੁੱਕੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਂਵੇ ਜ਼ਿਆਦਾ ਥਾਂਵਾਂ ਤੇ ਧੱਕੇਸ਼ਾਹੀ ਨਾਲ ਜਿੱਤੀ ਹੈ, ਪਰ ਪੰਜਾਬ ਦੇ ਲੋਕ ਉਨ੍ਹਾਂ ਦੇ ਜਿੱਤਣ ਨੂੰ ਵੀ ਹਾਰ ਨਾਲ ਦੇਖ ਰਹੇ ਹਨ | ਉਨ੍ਹਾਂ ਕਿਹਾ ਕਿ 'ਆਪ' ਦੇ ਆਗੂਆਂ ਨੂੰ ਭਾਂਵੇ ਲੱਗ ਰਿਹਾ ਹੈ ਕਿ ਉਹ ਬਹੁਤ ਵੱਡੀ ਜਿੱਤ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਗਏ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀ ਵਾਗਡੋਰ ਸੌਂਪਣ ਦਾ ਮਨ ਬਣਾ ਚੁੱਕੇ ਹਨ | ਇਸ ਮੌਕੇ ਉਨਾਂ ਨਾਲ ਬਲਾਕ ਪ੍ਰਧਾਨ ਸਾਬਕਾ ਸਰਪੰਚ ਦਲੇਰ ਸਿੰਘ ਸਰਲੀ, ਸਾਬਕਾ ਸਰਪੰਚ ਗੁਰਦਿਆਲ ਸਿੰਘ, ਪੀ.ਏ. ਜਗਦੀਪ ਸਿੰਘ ਮਾਨ ਤੇ ਸਾਬਕਾ ਸਰਪੰਚ ਨੌਬੀ ਗਿੱਲ ਆਦਿ ਹਾਜ਼ਰ ਸਨ |