ਤਰਨ ਤਾਰਨ, 6 ਜੂਨ (ਹਰਿੰਦਰ ਸਿੰਘ)-ਦਰਬਾਰ ਸਾਹਿਬ ਉੱਪਰ ਤੋਪਾਂ-ਟੈਕਾਂ ਨਾਲ ਫੌਜੀ ਹਮਲਾ ਹੋਇਆਂ 42 ਸਾਲ ਬੀਤ ਗਏ ਪਰ ਅੱਜ ਤੱਕ ਫੌਜੀ ਹਮਲੇ ਨਾਲ ਸਬੰਧਤ ਨਾ ਤਾਂ ਫਾਈਲਾਂ ਜਨਤਕ ਹੋਈਆਂ ਤੇ ਨਾ ਕੋਈ ਨਿਰਪੱਖ ਪੜਤਾਲ ਹੋਈ | ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਤਰਨ ਤਾਰਨ, ਵਿਰਸਾ ਸਿੰਘ ਬਹਿਲਾ, ਸਤਵਿੰਦਰ ਸਿੰਘ ਪਲਾਸੌਰ, ਹਰਮਨਦੀਪ ਸਿੰਘ ਸਰਹਾਲੀ, ਨਿਰਮਲ ਸਿੰਘ ਆਦਿ ਨੇ ਕਿਹਾ ਕਿ ਫੌਜੀ ਹਮਲਾ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਣ ਲਈ ਸੀ | ਮੰਨੂਵਾਦੀ ਧਿਰਾਂ ਦਾ ਇਹ ਅੱਤਵਾਦੀ ਹਮਲਾ ਸਿੱਖੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼ 'ਤੇ ਹਮਲਾ ਸੀ | ਇਹ ਹਮਲਾ ਹਲੇਮੀ ਰਾਜ ਦੇ ਸੰਦੇਸ਼ 'ਤੇ ਹਮਲਾ ਸੀ | ਇਹ ਹਮਲਾ ਨਿਮਾਣਿਆਂ, ਨਿਤਾਣਿਆਂ ਨਾਲ ਖੜਣ, ਜਾਤ-ਪਾਤ ਦੇ ਖਾਤਮੇ ਅਤੇ ਗਰੀਬ ਦੀ ਬਾਂਹ ਫੜਨ ਦੇ ਸੰਦੇਸ਼ 'ਤੇ ਹਮਲਾ ਸੀ | ਜਥੇਬੰਦੀ ਆਗੂਆਂ ਨੇ ਕਿਹਾ ਕਿ ਅੱਜ 42 ਸਾਲ ਬਾਅਦ ਭਾਜਪਾ ਸਰਕਾਰ ਫੌਜੀ ਹਮਲੇ ਨਾਲ ਸਬੰਧਤ ਫਾਈਲਾਂ ਜਨਤਕ ਕਰਨ ਤੋਂ ਡਰਦੀ ਹੈ ਤਾਂ ਕਿ ਮੰਨੂਵਾਦੀ ਧਿਰਾਂ ਨੰਗੀਆਂ ਨਾ ਹੋ ਜਾਣ | ਉਨ੍ਹਾਂ ਕਿਹਾ ਕਿ ਬਾਦਲਾਂ ਦੇ ਕੰਟਰੋਲ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 42 ਸਾਲ ਬਾਅਦ ਵੀ ਕੋਈ ਨਿਰਪੱਖ ਪੜਤਾਲੀਆ ਕਮਿਸ਼ਨ ਕਾਇਮ ਨਹੀਂ ਕਰ ਸਕੀ ਤਾਂ ਕਿ ਫੌਜੀ ਹਮਲੇ ਦਾ ਸੱਚ ਸਾਹਮਣੇ ਆ ਸਕੇ | ਆਗੂਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਵੀ ਫੌਜੀ ਹਮਲੇ ਦੀ ਪੜਤਾਲ ਅਤੇ ਫਾਈਲਾਂ ਜਨਤਕ ਕਰਨ ਦਾ ਐਲਾਨ ਨਾ ਹੋਣਾ ਚਿੰਤਾਜਨਕ ਹੈ |