ਪੱਟੀ, 11 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਭਾਜਪਾ ਜੀ ਰਾਮ ਜੀ ਸੈੱਲ ਨੌਸ਼ਹਿਰਾ ਪੰਨੂੰਆਂ ਦਾ ਪ੍ਰਧਾਨ ਰੋਮਨ ਜੌੜਾ ਪਾਰਟੀ ਛੱਡ ਕੇ ਸਾਬਕਾ ਵਿਧਾਇਕ ਤੇ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਤਰਨ ਤਾਰਨ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਰੋਮਨ ਜੌੜਾ ਦਾ ਕਾਂਗਰਸ ਵਿਚ ਸ਼ਾਮਿਲ ਹੋਣ 'ਤੇ ਹਰਮਿੰਦਰ ਸਿੰਘ ਗਿੱਲ ਨੇ ਸਵਾਗਤ ਕਰਦਿਆਂ ਕਿਹਾ ਕਿ ਅੱਜ ਸੂਬੇ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਚਾਹੁੰਦੇ ਹਨ, ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਹੀ ਸੂਬਾ ਵਾਸੀਆਂ ਦਾ ਮਨੋਬਲ ਉੱਚਾ ਚੁੱਕ ਸਕਦੀ ਅਤੇ ਵਿਕਾਸ ਕਰ ਸਕਦੀ ਹੈ | ਇਸ ਮੌਕੇ ਸਾਬਕਾ ਵਿਧਾਇਕ ਗਿੱਲ ਨੇ ਕਿਹਾ ਕਿ ਕੇਂਦਰ 'ਤੇ ਕਾਬਜ ਭਾਜਪਾ ਸਰਕਾਰ ਵਲੋਂ ਲੋਕਾਂ ਨੰੂ ਮਹਿੰਗਾਈ ਦੀ ਚੱਕੀ ਵਿਚ ਪੀਸਿਆ ਜਾ ਰਿਹਾ ਹੈ, ਜਿਸ ਦੀ ਮਿਸਾਲ ਰਸੋਈ ਗੈਸ ਦੇ ਭਾਅ ਸਿਖਰਾਂ 'ਤੇ ਡੀਜਲ, ਪੈਟਰੋਲ ਦੇ ਸੌ ਤੋਂ ਵੀ ਪਾਰ ਹੋਏ, ਜਦ ਕਿ ਕਿਸਾਨਾਂ ਨੂੰ ਝੋਨੇ ਦੀ ਲੁਆਈ ਮੌਕੇ ਸਭ ਤੋਂ ਵੱਧ ਡੀਜਲ ਦੀ ਲੋੜ ਸੀ, ਪਰ ਸਰਕਾਰ ਨੇ ਐਨ ਮੌਕੇ 'ਤੇ ਆ ਕੇ ਤੇਲ ਦੀ ਕੀਮਤ ਵਿਚ ਭਾਰੀ ਵਾਧਾ ਕਰ ਦਿੱਤਾਂ ਹੈ | ਸੋਨੇ ਦੇ ਭਾਅ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਏ ਪਏ ਹਨ | ਗਿੱਲ ਨੇ ਕਿਹਾ ਕਿ ਸਵ. ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਦੇ ਰਾਜ ਮੌਕੇ ਰਸੋਈ ਗੈਸ ਸਿਰਫ 450 ਰੁਪਏ, ਤੇਲ ਦੇ ਭਾਅ ਵੀ 60-65 ਰੁਪਏ ਤੱਕ ਸੀਮਿਤ ਸਨ | ਦੇਸ਼ ਵਾਸੀ ਮਹਿੰਗਾਈ ਦੀ ਮਾਰ ਤੋਂ ਬਚੇ ਹੋਏ ਸਨ, ਪਰ ਜਦ ਤੋਂ ਭਾਜਪਾ ਦੀ ਸਰਕਾਰ ਬਣੀ ਹੈ, ਹਰ ਰੋਜ ਗੈਸ ਤੇ ਤੇਲ ਦੇ ਭਾਅ ਵੱਧ ਰਹੇ ਹਨ, ਜਿਸ 'ਤੇ ਦੇਸ਼ ਦੇ ਨਾਲ-ਨਾਲ ਪੰਜਾਬ ਸੂਬਾ ਵਾਸੀ 2027 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂ੍ਰ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਣਗੇ | ਇਸ ਮੌਕੇ ਅਵਤਾਰ ਸਿੰਘ ਬਿੱਲਾ ਜੌੜਾ, ਹਰਚੰਦ ਸਿੰਘ ਨਦੋਹਰ ਜ਼ਿਲ੍ਹਾ ਚੇਅਰਮੈਨ ਐੱਸ. ਸੀ. ਸੈੱਲ, ਰਸ਼ਪਾਲ ਸਿੰਘ ਬੋਪਾਰਾਏ, ਹਰਜਿੰਦਰ ਸਿੰਘ ਚੰਬਲ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸੰਗਵਾਂ ਪੀ. ਏ. ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ |