ਪੱਟੀ, 19 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਇਕ ਪਾਸੇ ਨਗਰ ਕੌਂਸਲ ਪੱਟੀ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ‘ਸਵੱਛ ਭਾਰਤ ਮੁਹਿੰਮ’ ਤਹਿਤ ਜਗ੍ਹਾ-ਜਗ੍ਹਾ ਬੋਰਡ ਲਗਾ ਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਸ਼ਹਿਰ ਦੇ ਮੁੱਖ ਪ੍ਰਵੇਸ਼ ਦੁਆਰ ਲਾਹੌਰ ਚੌਂਕ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਪ੍ਰਮੁੱਖ ਸੜਕ ਉੱਪਰ ਲੱਗੇ ਕੂੜੇ ਦੇ ਢੇਰ ਇਸ ਮੁਹਿੰਮ ਨੂੰ ਚੁਣੌਤੀ ਦੇ ਰਹੇ ਹਨ। ਜਾਣਕਾਰੀ ਅਨੁਸਾਰ ਇਹ ਕੂੜਾ ਨਗਰ ਕੌਂਸਲ ਦੀ ਲਾਪ੍ਰਵਾਹੀ ਕਾਰਨ ਨਹੀਂ, ਸਗੋਂ ਚੌਂਕ ਵਿਚ ਰੋਜ਼ਾਨਾ ਫਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਲਗਾਉਣ ਵਾਲਿਆਂ ਵਲੋਂ ਸੁੱਟਿਆ ਜਾ ਰਿਹਾ ਹੈ। ਦੋਸ਼ ਹੈ ਕਿ ਰੇਹੜੀ ਮਾਲਕ ਨਗਰ ਕੌਂਸਲ ਦੇ ਕੂੜਾ ਇਕੱਠਾ ਕਰਨ ਵਾਲੇ ਰਿਕਸ਼ਿਆਂ ਨੂੰ ਆਪਣਾ ਕੂੜਾ ਦੇਣ ਦੀ ਬਜਾਇ ਰਾਤ ਦੇ ਹਨੇਰੇ ਵਿਚ ਗਲੇ-ਸੜੇ ਫਲ ਅਤੇ ਸਬਜ਼ੀਆਂ ਸੜਕ ਕਿਨਾਰੇ ਸੁੱਟ ਜਾਂਦੇ ਹਨ, ਜਿਸ ਕਾਰਨ ਇਲਾਕੇ ਵਿੱਚ ਗੰਦਗੀ ਅਤੇ ਬਦਬੂ ਫੈਲ ਰਹੀ ਹੈ। ਇਸ ਸੰਬੰਧੀ ਸਥਾਨਕ ਨਿਵਾਸੀਆਂ ਸਰਦੂਲ ਸਿੰਘ, ਜਰਨੈਲ ਸਿੰਘ, ਸੁਰਜੀਤ ਸਿੰਘ, ਡਾ. ਖਹਿਰਾ, ਦਰਸ਼ਨ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਗਲੇ-ਸੜੇ ਫਲਾਂ ਤੇ ਸਬਜ਼ੀਆਂ ਦੇ ਢੇਰਾਂ ਕਾਰਨ ਇਲਾਕੇ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੂੜੇ ਵਿਚੋਂ ਉੱਠਦੀ ਬਦਬੂ ਦੂਰ-ਦੂਰ ਤੱਕ ਫੈਲਦੀ ਹੈ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਵਸਨੀਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕੂੜਾ ਸੁੱਟਣ ਵਾਲੇ ਰੇਹੜੀ ਮਾਲਕਾਂ ਅਤੇ ਫਲ ਵਿਕਰੇਤਾਵਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਪ੍ਰਮੁੱਖ ਪ੍ਰਵੇਸ਼ ‘ਤੇ ਸਥਿਤ ਲਾਹੌਰ ਚੌਂਕ ਵਿਚ ਬਣਿਆ ਸ਼ਾਨਦਾਰ ਟਾਵਰ ਪੱਟੀ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦਾ ਹੈ, ਪਰ ਉਸ ਤੋਂ ਕੁਝ ਹੀ ਕਦਮਾਂ ਦੀ ਦੂਰੀ ‘ਤੇ ਪਏ ਗਲੇ-ਸੜੇ ਫਲਾਂ ਅਤੇ ਸਬਜ਼ੀਆਂ ਦੇ ਢੇਰ ਸ਼ਹਿਰ ਦੀ ਛਵੀ ਨੂੰ ਖ਼ਰਾਬ ਕਰ ਰਹੇ ਹਨ। ਇਸ ਸੰਬੰਧੀ ਜਦੋਂ ਨਗਰ ਕੌਂਸਲ ਪੱਟੀ ਦੇ ਕਾਰਜਸਾਧਕ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਜਲਦ ਹੀ ਕੂੜਾ ਹਟਾ ਕੇ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ।