ਨੌਸ਼ਹਿਰਾ ਪਨੂੰਆ, 21 ਜੂਨ (ਦੀਪਕ ਮੈਣੀ)- ਐਤਵਾਰ ਦੁਪਹਿਰੇ 12 ਵਜੇ ਦੇ ਲਗਪਗ ਪਿੰਡ ਢੋਟੀਆਂ ਦੀ ਤਰਫੋਂ ਆ ਰਹੇ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਤੇਜ਼ ਰਫਤਾਰ ਬੱਸ ਦੀ ਲਪੇਟ ਵਿਚ ਆਉਣ ਕਾਰਣ ਮੌਕੇ ’ਤੇ ਮੌਤ ਹੋ ਗਈ। ਇਸ ਮੌਕੇ ਤੋਂ ਪ੍ਰਾਪਤ ਜਾਣਕਾਰੀ ਅੁਨਸਾਰ ਨਿਰਮਲ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਗੋਇੰਦਵਾਲ ਸਾਹਿਬ ਗਲੀ ਮੰਦਰ ਵਾਲੀ ਆਪਣੀ ਪਤਨੀ ਨਰਿੰਦਰ ਕੌਰ ਨਾਲ ਮੋਟਰਸਾਈਕਲ ’ਤੇ ਨੌਸ਼ਹਿਰਾ ਪੰਨੂੰਆ ਵਿਖੇ ਸਥਿਤ ਪੈਲੇਸ ਵਿਚ ਕਿਸੇ ਵਿਆਹ ਵਿਚ ਭਾਗ ਲੈਣ ਲਈ ਆ ਰਿਹਾ ਸੀ। ਨਿਰਮਲ ਸਿੰਘ ਜਦੋਂ ਢੋਟੀਆਂ ਵਾਲੀ ਸੜਕ ਤੋਂ ਮੁੱਖ ਸੜਕ ਤੋਂ ਸੱਜੇ ਪਾਸੇ ਪੈਲੇਸ ਨੂੰ ਜਾਣ ਲਈ ਸੜਕ ਨੂੰ ਮੁੜਨ ਲੱਗਾ ਤਾਂ ਤਰਨ ਤਾਰਨ ਵਾਲੇ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਨਿਊ ਦੀਪ ਟਰਾਂਸਪੋਰਟ ਦੀ ਬੱਸ ਪੀ. ਬੀ. 04 ਏ. 7178, ਜਿਸ ਨੂੰ ਸੁੱਖਾ ਸਿੰਘ ਡਰਾਈਵਰ ਚਲਾ ਰਿਹਾ ਸੀ, ਦੀ ਲਪੇਟ ’ਚ ਆ ਗਏ, ਬੱਸ ਮੋਟਰਸਾਈਕਲ ਸਵਾਰਾਂ ਘੜੀਸਦੀ ਹੋਈ ਕਈ ਦੂਰ ਲੈ ਗਈ। ਮੋਟਰਸਾਈਕਲ ਸਵਾਰ ਦੋਵਾਂ ਪਤੀ ਪਤਨੀ ਦੀ ਮੌਕੇ ’ਤੇ ਮੌਤ ਹੋ ਗਈ। ਸਥਾਨਕ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਬੱਸ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ, ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਭੇਜ ਦਿੱਤਾ ਤੇ ਅਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਬੱਸ ਦਾ ਡਰਾਈਵਰ ਮੌਕੇ ’ਤੇ ਬੱਸ ਛੱਡ ਕੇ ਫਰਾਰ ਹੋ ਗਿਆ।