ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਵਿਚ ਚੱਲ ਰਹੇ ਬੇਢੰਗੇ ਵਿਕਾਸ ਕਾਰਜਾਂ ਤੇ ਲਾਪ੍ਰਵਾਹੀ ਕਾਰਨ ਸ਼ਹਿਰੀ ਬਾਸ਼ਿੰਦਿਆਂ ਤੇ ਰਾਹਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਰ-ਵਾਰ ਟ੍ਰੈਫ਼ਿਕ ਜਾਮ ਹੋਣ ਕਾਰਨ ਵੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਮੁੱਖ ਬੱਸ ਸਟੈਂਡ ਦੇ ਬਾਹਰ ਜਦੋਂ ਅਬੋਹਰ ਬਾਈਪਾਸ ਨੂੰ ਸੜਕ ਮੁੜਦੀ ਹੈ। ਇਸ ਜਗ੍ਹਾ ‘ਤੇ ਬਹੁਤ ਲੰਮੇ ਸਮੇਂ ਤੋਂ ਵਾਰ-ਵਾਰ ਵਾਟਰ ਸਪਲਾਈ ਦੀ ਪਾਈਪ ਲੀਕ ਹੁੰਦੀ ਹੈ। ਵਾਰ-ਵਾਰ ਪਾਈਪ ਲੀਕ ਹੋਣ ਕਰਕੇ ਵਾਟਰ ਸਪਲਾਈ ਕਈ ਵਾਰ ਪ੍ਰਭਾਵਿਤ ਹੋਈ ਹੈ। ਇੱਥੇ ਸੀਵਰੇਜ ਦੀ ਸਮੱਸਿਆ ਬਹੁਤ ਪੁਰਾਣੀ ਸੀ, ਪਰ ਉਸ ਦਾ ਤਾਂ ਹੱਲ ਕਰ ਦਿੱਤਾ ਗਿਆ। ਬੱਸ ਸਟੈਂਡਾਂ ਦੇ ਗੇਟਾਂ ‘ਤੇ ਬਹੁਤ ਲੰਮੇ ਸਮੇਂ ਤੋਂ ਸੀਵਰੇਜ ਦਾ ਪਾਣੀ ਖੜ੍ਹਦਾ ਸੀ, ਜਿਸ ਦਾ ਹੱਲ ਹੋਇਆ ਹੈ, ਪਰ ਜਦੋਂ ਵਾਟਰ ਸਪਲਾਈ ਦੀ ਪਾਈਪ ਲੀਕ ਹੁੰਦੀ ਹੈ ਤਾਂ ਸੜਕ ਵਾਰ-ਵਾਰ ਟੁੱਟਦੀ ਹੈ ਅਤੇ ਇਕ ਪਾਸਾ ਡੂੰਘਾ ਹੋਣ ਕਰਕੇ ਆਵਾਜਾਈ ਵਿਚ ਵੀ ਵਿਘਨ ਪੈਂਦਾ ਰਹਿੰਦਾ ਹੈ। ਬੱਸ ਅੱਡੇ ਦੇ ਬਾਹਰ ਜਦੋਂ ਪਾਈਪ ਪਾਈ ਗਈ ਤਾਂ ਉਸ ਦਾ ਮਲਬਾ ਆਸਪਾਸ ਸੁੱਟ ਦਿੱਤਾ ਗਿਆ, ਉਹ ਵੀ ਕਿਸੇ ਨੇ ਚੁੱਕਣ ਦੀ ਹਿੰਮਤ ਨਹੀਂ ਕੀਤੀ। ਬੱਸ ਸਟੈਂਡ ਦੇ ਨਾਲ ਅਬੋਹਰ ਬਾਈਪਾਸ ਰੋਡ ‘ਤੇ ਸੀਵਰੇਜ ਪਾਈਪ ਪਾਈ ਗਈ ਹੈ। ਸ਼ੁਰੂ ਤੋਂ ਇਕ ਪਾਸੇ ਤੇ ਫ਼ਿਰ ਦੂਜੇ ਪਾਸੇ ਪਾਈਪ ਪਾਈ ਹੈ ਅਤੇ ਸੜਕ ਪੁੱਟੀ ਗਈ ਹੈ। ਮਗਰੋਂ ਇਸ ਨੂੰ ਸਹੀ ਤਰੀਕੇ ਨਾਲ ਪੱਧਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ, ਜਿਸ ਕਰਕੇ ਰੋਜ਼ਾਨਾ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ ਅਤੇ ਹਾਦਸੇ ਵਾਪਰ ਰਹੇ ਹਨ। ਸੱਤਾਧਾਰੀ ਲੀਡਰਸ਼ਿਪ ਤੇ ਅਫ਼ਸਰਸ਼ਾਹੀ ਦੀ ਪਕੜ ਢਿੱਲੀ ਲੱਗ ਰਹੀ ਹੈ ਅਤੇ ਚੱਲ ਰਹੀ ਵਿਕਾਸ ਕਾਰਜਾਂ ਦੀ ਗਤੀ ਬਹੁਤ ਧੀਮੀ ਹੈ, ਜਿਸ ਪਾਸੇ ਧਿਆਨ ਦੇਣ ਦੀ ਲੋੜ ਹੈ। ਅਜਿਹੀ ਲਾਪ੍ਰਵਾਹੀ ਸਰਕਾਰ ਦੀ ਛਵੀਂ ‘ਤੇ ਅਸਰ ਪਾ ਰਹੀ ਹੈ। ਜਦੋਂ ਵਿਕਾਸ ਕਾਰਜ ਲਈ ਵੱਡੀ ਪੱਧਰ ‘ਤੇ ਪੈਸਾ ਖ਼ਰਚ ਹੋ ਰਿਹਾ ਹੈ ਤਾਂ ਚੱਲ ਰਹੇ ਕੰਮਾਂ ਦੀ ਨਿਗਰਾਨੀ ਬਹੁਤ ਜ਼ਰੂਰੀ ਹੈ। ਪੰਜਾਬ ਪੈਨਸ਼ਨਰ ਯੂਨੀਅਨ ਦੇ ਆਗੂ ਅੰਗਰੇਜ ਸਿੰਘ ਨੇ ਦੱਸਿਆ ਕਿ ਮਿੰਨੀ ਬੱਸ ਸਟੈਂਡ ਵਾਲੇ ਪਾਸੇ ਗੰਦਗੀ ਦੀ ਭਰਮਾਰ ਹੈ, ਕੂੜੇ ਦੇ ਢੇਰ ਲੱਗੇ ਹੋਏ ਹਨ। ਲੀਕੇਜ ਪਾਣੀ ਅੰਦਰ ਜਾਂਦਾ ਹੈ ਅਤੇ ਸਵਾਰੀਆਂ ਨੂੰ ਵੀ ਮੁਸ਼ਕਿਲ ਪੇਸ਼ ਆਉਂਦੀ ਹੈ। ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ, ਪਰ ਪਰਨਾਲਾ ਉੱਥੇ ਦਾ ਉੱਥੇ ਹੈ। ਬੱਸ ਸਟੈਂਡ ਦੇ ਬਾਹਰ ਸਬਜ਼ੀ ਵੇਚਣ ਤੇ ਫ਼ਲ ਵੇਚਣ ਲਈ ਠੱਲ੍ਹੇ ਜਾਂਦੇ ਰੇਹੜੇ ਅਤੇ ਦੁਕਾਨਾਂ ਮੂਹਰੇ ਲਵਾਈਆਂ ਜਾਂਦੀਆਂ ਰੇਹੜੀਆਂ ਆਵਾਜਾਈ ਵਿਚ ਵੱਡਾ ਅੜਿੱਕਾ ਬਣਦੀਆਂ ਹਨ, ਜਿਸ ਕਰਕੇ ਜਾਮ ਲੱਗਾ ਰਹਿੰਦਾ ਹੈ। ਕਈ ਦੁਕਾਨਦਾਰ ਬਾਹਰ ਖੜੇ੍ਹ ਰੇਹੜੀ ਚਾਲਕਾਂ ਤੋਂ ਪੈਸੇ ਵਸੂਲਦੇ ਹਨ। ਕਿਸੇ ਦੀ ਹਿੰਮਤ ਨਹੀਂ ਪੈ ਰਹੀ ਕਿ ਸੜਕ ਦੀ ਜਗ੍ਹਾ ਵਿਚ ਲੱਗਦੀਆਂ ਰੇਹੜੀਆਂ ਨੂੰ ਰੋਕਿਆ ਜਾਵੇ। ਆਵਾਜਾਈ ਵਿਚ ਵਿਘਨ ਪੈਣ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਲੋਕਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆ ਰਹੀ ਸਮੱਸਿਆ ਤੋਂ ਨਿਜ਼ਾਤ ਦਵਾਈ ਜਾਵੇ, ਸੜਕਾਂ ਨੂੰ ਪੱਧਰ ਕਰਕੇ ਠੀਕ ਕੀਤਾ ਜਾਵੇ ਅਤੇ ਪਾਣੀ ਦੀ ਲੀਕੇਜ ਨੂੰ ਵੀ ਰੋਕਿਆ ਜਾਵੇ। ਇਸ ਤੋਂ ਇਲਾਵਾ ਜਿੱਥੇ ਵੀ ਸੀਵਰੇਜ ਪਾਈਪਾਂ ਪਾਈਆਂ ਜਾ ਰਹੀਆਂ ਹਨ, ਉਹ ਕੰਮ ਨਾਲੋਂ ਨਾਲ ਮੁਕੰਮਲ ਕਰਨ ਸਮੇਂ ਸੜਕਾਂ ਨੂੰ ਵੀ ਪੱਧਰਾ ਕੀਤਾ ਜਾਵੇ।
ਵਿਕਾਸ ਕਾਰਜਾਂ ਦੀ ਧੀਮੀ ਗਤੀ ਅਤੇ ਟ੍ਰੈਫ਼ਿਕ ਕਾਰਨ ਲੋਕ ਪ੍ਰੇਸ਼ਾਨ
ਅਜੀਤ ਡੈਸਕ
22-06-2026