ਅੰਮ੍ਰਿਤਸਰ, 21 ਜੂਨ (ਹਰਮਿੰਦਰ ਸਿੰਘ)-12ਵੇਂ ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਅਗਵਾਈ ਹੇਠ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਯੋਗ ਸਮਾਗਮ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਇਆ ਗਿਆ। ਜਿਸ ‘ਚ ਮੇਅਰ ਜਤਿੰਦਰ ਸਿੰਘ ਭਾਟੀਆ, ਵਧੀਕ ਡਿਪਟੀ ਕਮਿਸਨਰ (ਸ਼ਹਿਰੀ ਵਿਕਾਸ) ਰੁਪਿੰਦਰਪਾਲ ਸਿੰਘ, ਐੱਸ.ਡੀ.ਐੱਮ. ਅਲਕਾ ਕਾਲੀਆ, ਸਹਾਇਕ ਸਿਵਲ ਸਰਜਨ ਰਜਿੰਦਰਪਾਲ ਕੌਰ, ਜ਼ਿਲ੍ਹਾ ਆਯੂਰਵੈਦਿਕ ਅਫਸਰ ਡਾ: ਦਿਨੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੈਮਸਨ ਮਸੀਹ ਤੋਂ ਇਲਾਵਾ 1500 ਤੋਂ ਵੱਧ ਦੇ ਕਰੀਬ ਸ਼ਹਿਰੀਆਂ ਨੇ ਇਕੱਠੇ ਯੋਗ ਅਭਿਆਸ ਕੀਤਾ।ਇਸ ਯੋਗਾ ਸੈਸ਼ਨ ਵਿੱਚ ਸੀ.ਐੱਮ. ਦੀ ਯੋਗਸ਼ਾਲਾ ਦੇ ਮਾਹਿਰਾਂ ਵਲੋਂ ਸਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਣ ਲਈ ਕਈ ਆਸਨ ਜਿਵੇਂ ਤਾੜ ਆਸਨ, ਵਰਿਕਸ਼ ਆਸਨ, ਅਰਧ ਚੱਕਰ ਆਸਨ, ਵਕਰ ਆਸਨ, ਵਜਰ ਆਸਨ, ਊਸ਼ਟਰ ਆਸਨ, ਪਵਨ ਮੁਕਤ ਆਸਨ ਆਦਿ ਕਈ ਆਸਨ ਕਰਵਾਉਣ ਉਪਰੰਤ ਪ੍ਰਾਣਾਯਾਮ ਅਤੇ ਧਿਆਨ ਕਰਵਾਇਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਅਸੀਂ ਯੋਗ ਨੂੰ ਆਪਣੀ ਰੋਜ਼ਾਨਾਂ ਜ਼ਿੰਦਗੀ ਦਾ ਹਿੱਸਾ ਬਣਾ ਕੇ ਖੁਸ਼ਹਾਲ ਤੇ ਸਿਹਤਮੰਦ ਜੀਵਨ ਬਸਰ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਯੋਗ ਜਿੱਥੇ ਤਨ ਨੂੰ ਨਿਰੋਗ ਰੱਖਦਾ ਹੈ ਓਥੇ ਇਹ ਮਾਨਸਿਕ ਤੌਰ ‘ਤੇ ਵੀ ਮਨੁੱਖ ਤਕੜਾ ਕਰਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੀਐੱਮ ਯੋਗਸ਼ਾਲਾ ਵੀ ਇਸੇ ਮਕਸਦ ਨਾਲ ਚਲਾਈ ਜਾ ਰਹੀ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜੰਕ ਫੂਡ ਤੋ ਪਰਹੇਜ਼ ਕਰਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਰੁਪਿੰਦਰ ਪਾਲ ਸਿੰਘ ਨੇ ਕਿਹਾ ਕਿ ਯੋਗਾ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੈ ਅਤੇ ਅਜੋਕੀ ਜੀਵਨ ਜਾਚ ਦੌਰਾਨ ਜਦੋਂ ਸਰੀਰਿਕ ਕੰਮ ਘੱਟ ਗਏ ਹਨ, ਇਸ ਲਈ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਯੋਗਾ ਨਾਲ ਜੁੜਣ ਲਈ ਜ਼ਿਲ੍ਹਾ ਵਾਸੀ ਸੀਐੱਮ ਦੀ ਯੋਗਸਾਲਾ ਦੀ ਮਦਦ ਲੈਣ। ਇਸ ਮੌਕੇ ਐੱਸ.ਡੀ.ਐੱਮ. ਅੰਮ੍ਰਿਤਸਰ-1 ਅਲਕਾ ਕਾਲੀਆ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗ ਨੂੰ ਰੋਜ਼ਾਨਾ ਆਪਣੀ ਜਿੰਦਗੀ ਦਾ ਹਿੱਸਾ ਬਣਾਓ ਤਾਂ ਜੋ ਆਪਣੇ ਸ਼ਰੀਰ ਅਤੇ ਮਨ ਨੂੰ ਤੰਦਰੁਸਤ ਰੱਖਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਏ ਹੋਏ ਪਤਵੰਤਿਆਂ ਨੂੰ ਬੂਟੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਸੀ. ਐੱਮ. ਯੋਗਸ਼ਾਲਾ ਵਿੱਚ ਵਧੀਆ ਕੰਮ ਕਰਨ ਵਾਲੇ ਯੋਗ ਟਰੇਨਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੋਗ ਕੁਆਰਡੀਨੇਟਰ ਹਰਮਨਦੀਪ ਸਿੰਘ ਵੀ ਹਾਜ਼ਰ ਸਨ।
-ਯੋਗ ਅਪਣਾਓ, ਰੋਗ ਭਜਾਓ...ਅੰਮ੍ਰਿਤਸਰ ’ਚ ਉਤਸ਼ਾਹ ਨਾਲ ਮਨਾਇਆ ਗਿਆ ਕੌਮਾਂਤਰੀ ਯੋਗਾ ਦਿਵਸ
ਅਜੀਤ ਡੈਸਕ
22-06-2026