ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ)— ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ 2 ਨੌਜਵਾਨਾਂ ਦੇ ਇਕ ਟਰੈਕਟਰ ਪਿੱਛੇ ਪਾਏ ਰੋਟਾਵੇਟਰ ਦੀ ਚਪੇਟ ਵਿਚ ਆਉਣ ਕਾਰਨ ਗੰਭੀਰ ਜ਼ਖਮੀ ਹੋਣ ਦੇ ਮਾਮਲੇ ਵਿਚ ਟਰੈਕਟਰ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਤਰਨ ਤਾਰਨ ਵਿਖੇ ਜਗਤਾਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਲਾਲਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ 20 ਜੂਨ ਨੂੰ ਉਹ ਆਪਣੇ ਦੋਸਤ ਮਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਲਾਲਪੁਰ ਉਸਦਾ ਮੋਟਰਸਾਇਕਲ ਨੰਬਰ ਪੀ.ਬੀ. 46 ਏ.ਕੇ 6520 ’ਤੇ ਸਵਾਰ ਹੋ ਕੇ ਨਿੱਜੀ ਕੰਮ ਵਾਸਤੇ ਪਿੰਡ ਲਾਲਪੁਰ ਤੋ ਪਿੰਡ ਮੱਲਮੋਹਰੀ ਨੂੰ ਜਾ ਰਹੇ ਸੀ। ਜਦੋਂ ਉਹ ਰੇਲਵੇ ਪੁਲ ਤੋੋਂ ਥੋੜਾ ਅੱਗੇ ਗਏ ਤਾਂ ਸਾਹਮਣੇ ਤੋਂ ਇਕ ਟਰੈਕਟਰ ਜਿਸਦੇ ਪਿੱਛੇ ਰੋਟਾਵੇਟਰ ਪਾਇਆ ਹੋਇਆ ਸੀ ਜਿਸ ਨੂੰ ਇਕ ਵਿਅਕਤੀ ਚਲਾ ਰਿਹਾ ਸੀ, ਜੋ ਬਹੁਤ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸਨੇ ਆਪਣਾ ਟਰੈਕਟਰ ਬੜੀ ਹੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਟਰੈਕਟਰ ਦੇ ਪਿਛੇ ਰੋਟਾਵੇਟਰ ਨੂੰ ਮੋਟਰਸਾਇਕਲ ਵਿਚ ਮਾਰਿਆ। ਟਰੈਕਟਰ ਦਾ ਰੋਟਾਵੇਟਰ ਵਿਚ ਵੱਜਣ ਕਰਕੇ ਉਸਦੀ ਸੱਜੀ ਲੱਤ ਤੇ ਉਸਦੇ ਦੋਸਤ ਦੀ ਸੱਜੀ ਲੱਤ ’ਤੇ ਕਾਫੀ ਸੱਟ ਲੱਗ ਗਈ ਸੀ। ਟਰੈਕਟਰ ਚਾਲਕ ਮੌਕਾ ਵੇਖ ਕੇ ਟਰੈਕਟਰ ਸਮੇਤ ਰੋਟਾਵੇਟਰ ਲੈ ਕੇ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਏ.ਐੱਸ.ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਟਰੈਕਟਰ ਚਾਲਕ ਬਲਵੰਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਵੇਈਪੂਈ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।