ਤਰਨ ਤਾਰਨ, 26 ਜੂਨ (ਹਰਿੰਦਰ ਸਿੰਘ)—ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਕੀਤੀ ਕਾਰਵਾਈ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਝਬਾਲ ਦੇ ਐੱਸ. ਆਈ. ਬਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੈਟਰੋਲ ਪੰਪ ਗੱਗੋਬੂਆ ਦੇ ਨਜ਼ਦੀਕ ਤੋਂ ਨਿਸ਼ਾਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਖੇਮਕਰਨ ਨੂੰ ਕਾਬੂ ਕਰਕੇ ਉਸ ਪਾਸੋਂ 273 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਸਰਾਏ ਅਮਾਨਤ ਖਾਂ ਦੇ ਐੱਸ.ਆਈ. ਦਿਲਬਾਗ ਸਿੰਘ ਨੇ ਪੁਲਿਸ ਪਾਰਟੀ ਸਮੇਤ ਦਾਣਾ ਮੰਡੀ ਸਰਾਏ ਅਮਾਨਤ ਖਾਂ ਤੋਂ ਗਸ਼ਤ ਦੌਰਾਨ ਅਰਜਨ ਸਿੰਘ ਪੁੱਤਰ ਸੋਨੂੰ ਸਿੰਘ ਵਾਸੀ ਢੰਡ ਗੰਗਾ ਨਗਰ ਨੂੰ ਕਾਬੂ ਕਰਕੇ ਉਸ ਪਾਸੋਂ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਹਰੀਕੇ ਦੇ ਏ.ਐੱਸ.ਆਈ. ਕੁਲਵਿੰਦਰਪਾਲ ਸਿੰਘ ਨੇ ਹਰੀਕੇ ਗਰਾਊਡ ਤੋਂ ਅਕਾਸ਼ਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਹਰੀਕੇ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਖਾਲੜਾ ਦੇ ਐੱਸ. ਆਈ. ਅਰਵਿੰਦ ਕੰਬੋਜ ਨੇ ਪੁਲਿਸ ਪਾਰਟੀ ਸਮੇਤ ਦਾਣਾ ਮੰਡੀ ਖਾਲੜਾ ਤੋਂ ਪ੍ਰਮਜੀਤ ਸਿੰਘ ਪੁੱਤਰ ਨਿੰਦਰ ਸਿੰਘ ਵਾਸੀ ਧੁੰਨ ਨੂੰ ਕਾਬੂ ਕਰਕੇ ਉਸ ਪਾਸੋਂ 8 ਗ੍ਰਾਮ ਹੈਰੋਇਨ ਅਤੇ 1040 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਸਦਰ ਤਰਨ ਤਾਰਨ ਦੇ ਏ.ਐੱਸ.ਆਈ. ਹੀਰਾ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਰਸੂਲਪੁਰ ਦੀਆਂ ਮੜੀਆ ਤੋਂ ਕੋਮਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਰਸੂਲਪੁਰ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਿਆਂ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਕੱਚਾ ਪੱਕਾ ਦੇ ਐੱਸ.ਆਈ. ਹਰਦੀਪ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਗੇਟ ਪਿੰਡ ਮਨਿਆਲਾ ਤੋਂ ਕੁਲਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਭੈਣੀ ਗੁਰਮੁੱਖ ਸਿੰਘ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਦੇ ਏ.ਐੱਸ.ਆਈ. ਨਿਰਮਲ ਸਿੰਘ ਨੇ ਸੂਚਨਾ ਦੇ ਅਧਾਰ ’ਤੇ ਮਲਕੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਹਿਲਵਾਨਕੇ ਦੇ ਘਰ ਛਾਪੇਮਾਰੀ ਦੌਰਾਨ ਉਥੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ ਜਦਕਿ ਉਕਤ ਵਿਅਕਤੀ ਫ਼ਰਾਰ ਹੈ। ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਅਤੇ ਐਕਸਾਈਜ ਐਕਟ ਤਹਿਤ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ।