ਤਰਨ ਤਾਰਨ, 29 ਜੂਨ (ਹਰਿੰਦਰ ਸਿੰਘ)–ਭਾਰਤੀ ਜਨਤਾ ਪਾਰਟੀ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਜ਼ਿਲ੍ਹਾ ਤਰਨ ਤਾਰਨ ਵਿਚ ਦਿਨੋਂ-ਦਿਨ ਵਿਗੜ ਰਹੀ ਕਾਨੂੰਨ-ਵਿਵਸਥਾ, ਨਸ਼ਿਆਂ ਦੇ ਵਧਦੇ ਕਾਰੋਬਾਰ, ਗੈਂਗਸਟਰਵਾਦ, ਫਿਰੌਤੀਆਂ, ਵਪਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਆਮ ਲੋਕਾਂ ਵਿਚ ਬਣੇ ਡਰ ਦੇ ਮਾਹੌਲ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਕ ਮੰਗ-ਪੱਤਰ ਸੌਂਪਿਆ। ਇਸ ਮੌਕੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਅੱਜ ਬਹੁਤ ਹੀ ਸੰਵੇਦਨਸ਼ੀਲ ਦੌਰ ਵਿਚੋਂ ਲੰਘ ਰਿਹਾ ਹੈ। ਨਸ਼ਿਆਂ ਦਾ ਕਾਰੋਬਾਰ ਬੇਖੌਫ਼ ਤਰੀਕੇ ਨਾਲ ਫੈਲ ਰਿਹਾ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਦਾ ਭਵਿੱਖ ਖਤਰੇ ਵਿਚ ਪੈ ਗਿਆ ਹੈ। ਨਸ਼ਿਆਂ ਦੀ ਦਲਦਲ ਵਿਚ ਧੱਸ ਕੇ ਨੌਜਵਾਨ ਮੌਤ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਪਰਿਵਾਰਾਂ ਦੇ ਇਕਲੌਤੇ ਚਿਰਾਗ ਇਸ ਮਾਰੂ ਅਲਾਮਤ ਦੀ ਭੇਟ ਚੜ੍ਹ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗੈਂਗਸਟਰਾਂ ਵਲੋਂ ਵਪਾਰੀਆਂ, ਉਦਯੋਗਪਤੀਆਂ ਅਤੇ ਆਮ ਨਾਗਰਿਕਾਂ ਨੂੰ ਲਗਾਤਾਰ ਫਿਰੌਤੀ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿਚ ਅਸੁਰੱਖਿਆ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਰਾਜਪਾਲ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਵਪਾਰੀ, ਕਿਸਾਨ, ਸਮਾਜ ਸੇਵੀ ਅਤੇ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕਈ ਲੋਕ ਡਰ ਦੇ ਮਾਹੌਲ ਕਾਰਨ ਖੁੱਲ੍ਹ ਕੇ ਆਪਣੀ ਗੱਲ ਵੀ ਨਹੀਂ ਕਰ ਸਕਦੇ। ਅਜਿਹੇ ਹਾਲਾਤ ਕਿਸੇ ਵੀ ਲੋਕਤੰਤਰੀ ਅਤੇ ਸ਼ਾਂਤੀਪੂਰਨ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਵਪਾਰੀਆਂ ਵਿਚ ਏਨਾ ਸਹਿਮ ਪੈਦਾ ਹੋ ਗਿਆ ਹੈ ਕਿ ਕਈ ਵਪਾਰੀ ਪੰਜਾਬ ਛੱਡ ਕੇ ਹੋਰਨਾਂ ਸੂਬਿਆਂ ਵੱਲ ਪਲਾਇਨ ਕਰਨ ਬਾਰੇ ਸੋਚਣ ਲਈ ਮਜ਼ਬੂਰ ਹੋ ਰਹੇ ਹਨ। ਇਹ ਸਥਿਤੀ ਨਾ ਸਿਰਫ਼ ਕਾਨੂੰਨ-ਵਿਵਸਥਾ ਲਈ, ਸਗੋਂ ਪੰਜਾਬ ਦੀ ਆਰਥਿਕਤਾ ਲਈ ਵੀ ਘਾਤਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਤਰਨ ਤਾਰਨ ਵਿਚ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਫਿਰੌਤੀ ਮੰਗਣ ਵਾਲੇ ਅਪਰਾਧਿਕ ਗਰੋਹਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਸਰਹੱਦੀ ਖੇਤਰ ਵਿਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣ, ਕਾਨੂੰਨ-ਵਿਵਸਥਾ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਆਮ ਲੋਕਾਂ ਤੇ ਵਪਾਰੀਆਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਤਰਨ ਤਾਰਨ ਦੇ ਲੋਕ ਅਮਨ, ਸ਼ਾਂਤੀ ਅਤੇ ਸੁਰੱਖਿਆ ਵਾਲਾ ਮਾਹੌਲ ਚਾਹੁੰਦੇ ਹਨ। ਜੇਕਰ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਇਸ ਲਈ ਪੰਜਾਬ ਸਰਕਾਰ ਅਤੇ ਸੰਬੰਧਿਤ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਸਰਵੋਚ ਤਰਜੀਹ ਦੇ ਆਧਾਰ ’ਤੇ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਗ ਪੱਤਰ ਪ੍ਰਾਪਤ ਕਰਦਿਆਂ ਭਰੋਸਾ ਦਿੱਤਾ ਕਿ ਤਰਨ ਤਾਰਨ ਨਾਲ ਸੰਬੰਧਿਤ ਉਠਾਏ ਗਏ ਸਾਰੇ ਮੁੱਦਿਆਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਲਈ ਨਿਰਦੇਸ਼ਿਤ ਕੀਤਾ ਜਾਵੇਗਾ। ਇਸ ਮੌਕੇ ਹਰਜੀਤ ਸਿੰਘ ਸੰਧੂ ਨੇ ਆਸ ਪ੍ਰਗਟਾਈ ਕਿ ਜ਼ਿਲ੍ਹੇ ਵਿਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ, ਨਸ਼ਿਆਂ ਦੀ ਜੜ੍ਹ ਨੂੰ ਖਤਮ ਕਰਨ ਅਤੇ ਗੈਂਗਸਟਰਵਾਦ ਤੇ ਫਿਰੌਤੀ ਵਰਗੀਆਂ ਸਮੱਸਿਆਵਾਂ ’ਤੇ ਸਖ਼ਤ ਕਾਰਵਾਈ ਕਰਕੇ ਲੋਕਾਂ ਦਾ ਭਰੋਸਾ ਮੁੜ ਬਹਾਲ ਕੀਤਾ ਜਾਵੇਗਾ, ਤਾਂ ਜੋ ਜ਼ਿਲ੍ਹਾ ਤਰਨ ਤਾਰਨ ਮੁੜ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਦੀ ਰਾਹ ’ਤੇ ਅੱਗੇ ਵੱਧ ਸਕੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ, ਨੇਤਰਪਾਲ ਸਿੰਘ, ਸਤਨਾਮ ਸਿੰਘ, ਹਰਪ੍ਰੀਤ ਸਿੰਘ ਸਿੰਦਬਾਦ ਅਤੇ ਹੋਰ ਭਾਜਪਾ ਆਗੂ ਹਾਜ਼ਰ ਸਨ।