ਜੰਡਿਆਲਾ ਗੁਰੂ, 29 ਜੂਨ (ਅੰਮ੍ਰਿਤਪਾਲ ਸਿੰਘ, ਪ੍ਰਮਿੰਦਰ ਸਿੰਘ ਜੋਸਨ)-ਵਾਤਾਵਰਨ ਸੰਭਾਲ ਲਈ ਲਗਾਤਾਰ ਸਰਗਰਮ ਵਾਤਾਵਰਨ ਬਚਾਓ ਕਮੇਟੀ ਪਿੰਡ ਤਾਰਾਗੜ੍ਹ ਵਲੋਂ ਐੱਨ. ਆਰ. ਆਈ. ਵੀਰਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 20 ਜੁਲਾਈ ਨੂੰ ਧੰਨ-ਧੰਨ ਬਾਬਾ ਜਵੰਦ ਸਿੰਘ ਦੇ ਜਨਮ ਦਿਹਾੜੇ ਮੌਕੇ ਪਿੰਡ ਭੰਗਵਾਂ ਵਿਖੇ ਤੀਜਾ ਫਲਦਾਰ ਬੂਟਿਆਂ ਦਾ ਲੰਗਰ ਲਗਾਇਆ ਜਾਵੇਗਾ। ਇਸ ਸੰਬੰਧੀ ਵਾਤਾਵਰਨ ਬਚਾਓ ਕਮੇਟੀ ਦੇ ਨੌਜਵਾਨ ਆਗੂ ਲਵਪ੍ਰੀਤ ਸਿੰਘ ਤਾਰਾਗੜ੍ਹ ਦੀ ਅਗਵਾਈ ਹੇਠ ਮੀਟਿੰਗ ਕੀਤੀ, ਜਿਸ ਵਿਚ ਸਮਾਗਮ ਦੀਆਂ ਤਿਆਰੀਆਂ ਤੇ ਵਾਤਾਵਰਨ ਸੰਭਾਲ ਲਈ ਲੋਕਾਂ ਨੂੰ ਵੱਧ ਤੋਂ ਵੱਧ ਜੋੜਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਨੌਜਵਾਨਾਂ ਨੇ ਕਿਹਾ ਕਿ ਕਮੇਟੀ ਵਲੋਂ ਪਹਿਲਾਂ ਵੀ ਕਈ ਥਾਵਾਂ ‘ਤੇ ਵੱਡੇ ਪੱਧਰ ‘ਤੇ ਬੂਟੇ ਲਗਾਏ ਗਏ ਹਨ ਤੇ ਭਵਿੱਖ ਵਿਚ ਵੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਮੌਸਮੀ ਤਬਦੀਲੀਆਂ ਕਾਰਨ ਕਿਤੇ ਸੋਕੇ ਅਤੇ ਕਿਤੇ ਅਤਿਅਧਿਕ ਬਰਸਾਤਾਂ ਨਾਲ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਰਹੇ ਹਨ, ਜਿਸ ਦਾ ਇਕ ਵੱਡਾ ਕਾਰਨ ਦਰੱਖਤਾਂ ਦੀ ਲਗਾਤਾਰ ਕਟਾਈ ਹੈ। ਉਨ੍ਹਾਂ ਕਿਹਾ ਕਿ ਇਕ ਦਰੱਖਤ ਨੂੰ ਤਿਆਰ ਹੋਣ ਵਿਚ ਕਈ ਸਾਲ ਲੱਗ ਜਾਂਦੇ ਹਨ, ਪਰ ਤਰੱਕੀ ਦੇ ਨਾਂਅ ‘ਤੇ ਉਸ ਨੂੰ ਕੱਟਣ ਵਿਚ ਕੁਝ ਮਿੰਟ ਵੀ ਨਹੀਂ ਲੱਗਦੇ। ਕਮੇਟੀ ਦੇ ਮੈਂਬਰਾਂ ਨੇ ਅਪੀਲ ਕੀਤੀ ਕਿ ਹਰ ਵਿਅਕਤੀ ਘੱਟੋ-ਘੱਟ ਇਕ ਬੂਟਾ ਲਗਾ ਕੇ ਉਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਏ। ਇਸ ਮੌਕੇ ਲਵਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਅਨਮੋਲਪ੍ਰੀਤ ਸਿੰਘ, ਜਸਕਰਨ ਸਿੰਘ, ਅੰਮ੍ਰਿਤਪਾਲ ਸਿੰਘ (ਜੇ. ਈ.), ਹਰਪ੍ਰੀਤ ਸਿੰਘ ਹੀਰਾ, ਗੁਰਮੇਲ ਸਿੰਘ, ਗੁਰਮਾਨਕ ਸਿੰਘ, ਅੰਮ੍ਰਿਤਪਾਲ ਸਿੰਘ ਫੌਜੀ, ਸੁਖਪ੍ਰੀਤ ਸਿੰਘ, ਅੰਸ਼ਪ੍ਰੀਤ ਸਿੰਘ, ਰਾਹੁਲਪ੍ਰੀਤ ਸਿੰਘ, ਗੁਰਨੀਰਤ ਸਿੰਘ ਤੇ ਸਾਹਿਲ ਸਿੰਘ ਹਾਜ਼ਰ ਸਨ।
20 ਨੂੰ ਪਿੰਡ ਭੰਗਵਾਂ ਵਿਖੇ ਲੱਗੇਗਾ ਤੀਜਾ ਫਲਦਾਰ ਬੂਟਿਆਂ ਦਾ ਲੰਗਰ
ਅਜੀਤ ਡੈਸਕ
30-06-2026