ਤਰਨ ਤਾਰਨ, 30 ਜੂਨ (ਹਰਿੰਦਰ ਸਿੰਘ)—ਇਕ ਤੇਜ਼ ਰਫਤਾਰ ਟਰੈਕਟਰ ਚਾਲਕ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ’ਤੇ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੇ ਮਾਮਲੇ ਵਿਚ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਟਰੈਕਟਰ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਰਾਏ ਅਮਾਨਤ ਖਾਂ ਵਿਖੇ ਅੰਗਰੇਜ ਸਿੰਘ ਪੁੱਤਰ ਜਰਮੇਜ ਸਿੰਘ ਵਾਸੀ ਕਲਸ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਕਾਰ ’ਤੇ ਸਵਾਰ ਹੋ ਪਿੰਡ ਕਲਸ ਨੂੰ ਆ ਰਿਹਾ ਸੀ ਤਾਂ ਇਕ ਟਰੈਕਟਰ ਸਮੇਤ ਟਰਾਲਾ ਡਬਲ ਟੈਰੀ ਜਿਸ ਨੂੰ ਬਹੁਤ ਤੇਜ ਰਫ਼ਤਾਰ ਨਾਲ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ। ਜਿਸਨੇ ਟਰੈਕਟਰ ਗਲਤ ਸਾਈਡ ਵੱਲ ਲਿਜਾ ਕੇ ਉਸਦੇ ਭਤੀਜੇ ਗੁਰਿੰਦਰ ਸਿੰਘ ਉਰਫ ਜੰਗਨੂ ਪੁੱਤਰ ਜੋਗਿੰਦਰ ਸਿੰਘ ਵਾਸੀ ਕਲਸ ਦੇ ਮੋਟਰਸਾਇਕਲ ਮਾਰਕਾ ਡਿਸਕਵਰ ਨੰਬਰ ਪੀ.ਬੀ.02 ਬੀ.ਐੱਫ 6762 ਵਿਚ ਮਾਰਿਆ, ਜਿਸ ਨਾਲ ਗੁਰਿੰਦਰ ਸਿੰਘ ਕਾਫੀ ਜ਼ਖਮੀ ਹੋ ਗਿਆ ਤੇ ਉਸਦਾ ਮੋਟਰਸਾਇਕਲ ਕਾਫੀ ਟੁੱਟ ਗਿਆ। ਟਰੈਕਟਰ ਚਾਲਕ ਆਪਣਾ ਟਰੈਕਟਰ ਮੌਕੇ ਤੋੋਂ ਲੈ ਕੇ ਦੌੜ ਗਿਆ। ਗੁਰਿੰਦਰ ਸਿੰਘ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਲੈ ਕੇ ਜਿੱਥੇ ਗੁਰਿੰਦਰ ਸਿੰਘ ਨੂੰ ਡਾਕਟਰਾਂ ਨੇ ਦਾਖਲ ਕਰਨ ਤੋ ਪਹਿਲਾ ਹੀ ਮ੍ਰਿਤਕ ਕਰਾਰ ਦੇ ਦਿੱਤਾ। ਜਾਂਚ ਅਧਿਕਾਰੀ ਏ.ਐੱਸ.ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਣਪਛਾਤੇ ਟਰੈਕਟਰ ਚਾਲਕ ਖਿਲਾਫ਼ ਮਾਮਲਾ ਦਰਜ ਕਰਨ ਤੋ ਬਾਅਦ ਟਰੈਕਟਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।