ਤਰਨ ਤਾਰਨ, 30 ਜੂਨ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਇਕ ਘਰ ਵਿਚ ਹਥਿਆਰਾਂ ਨਾਲ ਲੈਸ ਹੋ ਕੇ ਪਿਓ-ਪੁੱਤ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਚੋਹਲਾ ਸਾਹਿਬ ਵਿਖੇ ਅਮਰਜੀਤ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਧੁੰਨ ਢਾਏਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਨ੍ਹਾਂ ਦੀ ਜ਼ਮੀਨ ਦੇ ਨਾਲ ਲਗਦੀ ਜ਼ਮੀਨ ਭਗਤ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਧੁੰਨ ਢਾਏਵਾਲਾ ਦੀ ਹੈ। ਉਹ ਭਗਤ ਸਿੰਘ ਦੀ ਜ਼ਮੀਨ ਕਰੀਬ 12 ਸਾਲ ਤੋੋਂ ਠੇਕੇ ਤੇ ਵਾਹ ਰਹੇ ਹਾਂ। 20 ਜੂਨ ਨੂੰ ਉਹ ਅਤੇ ਉਸਦਾ ਲੜਕਾ ਕਿਰਨਬੀਰ ਸਿੰਘ ਆਪਣੇ ਘਰ ਵਿਚ ਬੈਠੇ ਸੀ ਤਾਂ ਘਰ ਦਾ ਬਾਹਰਲਾ ਦਰਵਾਜਾ ਬੰਦ ਸੀ ਤਾਂ ਉਸਦੇ ਘਰ ਦੇ ਬਾਹਰਲੇ ਦਰਵਾਜੇ ਨੂੰ ਧੱਕਾ ਮਾਰ ਕੇ ਖੋਲ ਕੇ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਕੰਧਾਰਾ ਸਿੰਘ, ਮਗਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀਆਨ ਧੁੰਨ ਢਾਏਵਾਲਾ ਘਰ ਦੇ ਅੰਦਰ ਦਾਖਲ ਹੋਏ ਤਾਂ ਆਉਂਦਿਆਂ ਸਾਰ ਹੀ ਸੁਖਦੇਵ ਸਿੰਘ ਉਰਫ ਸੁੱਖਾ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲਓ ਇਨ੍ਹਾਂ ਨੂੰ ਭਗਤ ਸਿੰਘ ਦੀ ਜ਼ਮੀਨ ਠੇਕੇ ’ਤੇ ਲੈਣ ਦਾ ਮਜਾ ਚਖਾ ਦਿਓ ਤਾਂ ਇਨੇ੍ਹਾਂ ਨੇ ਸਾਡੇ ਪਿਓ-ਪੁੱਤ ਉਪਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤੀ ਅਤੇ ਕੁੱਟਮਾਰ ਦੌਰਾਨ ਗੰਭੀਰ ਸੱਟਾਂ ਲਗਾ ਕੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਏ.ਐੱਸ.ਆਈ. ਭਗਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।