ਤਰਨ ਤਾਰਨ, 2 ਜੁਲਾਈ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਜ਼ਮੀਨ ਦੀ ਵੱਟ ਵੱਡਣ ਤੋਂ ਰੋਕਣ ’ਤੇ 2 ਵਿਅਕਤੀਆਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਚੋਹਲਾ ਸਾਹਿਬ ਵਿਖੇ ਹਰਦੀਪ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਰਾਣੀਵਲਾਹ ਚੋਹਲਾ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਰਮੀ ਵਿਚੋੋਂ ਸਾਲ 2006 ਵਿਚ ਸੇਵਾਮੁਕਤ ਹੋਇਆ ਹੈ ਅਤੇ ਹੁਣ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸਦੀ ਜ਼ਮੀਨ ਨਾਲ ਲਗਦੀ ਜ਼ਮੀਨ ਗੁਰਦੇਵ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਰਾਣੀਵਲਾਹ ਦੀ ਹੈ। 9 ਜੂਨ ਨੂੰ ਉਹ ਅਤੇ ਉਸ ਦਾ ਭਰਾ ਗੁਰਮੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਰਾਣੀਵਲਾਹ ਆਪਣੇ ਘਰ ਤੋੋਂ ਆਪਣੀ ਜ਼ਮੀਨ ਵਿਚ ਉਗਾਈ ਫਸਲ ਝੋਨਾ ਨੂੰ ਪਾਣੀ ਲਗਾਉਣ ਲਈ ਗਏ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਜ਼ਮੀਨ ਦੀ ਵੱਟ ਵੱਢੀ ਹੋਈ ਸੀ। ਜਦੋਂ ਉਨ੍ਹਾਂ ਵਲੋਂ ਮਲਕੀਤ ਸਿੰਘ ਨੂੰ ਉਸ ਨੇ ਜ਼ਮੀਨ ਵਿਚ ਪਈ ਵੱਟ ਵੱਢਣ ਬਾਰੇ ਪੁੱਛਿਆ ਤਾਂ ਗੁਰਦੇਵ ਸਿੰਘ ਪੁੱਤਰ ਸੁਰਜਨ ਸਿੰਘ, ਲਵਿੰਦਰ ਸਿੰਘ ਪੁੱਤਰ ਤੀਰਥ ਸਿੰਘ, ਮਲਕੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀਅਨ ਰਾਣੀਵਲਾਹ ਉਸ ਨਾਲ ਅਤੇ ਉਸਦੇ ਭਰਾ ਗੁਰਮੀਤ ਸਿੰਘ ਨਾਲ ਤੂੰ ਤੂੰ ਮੈ ਮੈ ਕਰਨ ਲੱਗ ਪਏ ਤਾਂ ਗੁਰਦੇਵ ਸਿੰਘ ਨੇ ਲਲਕਾਰਾ ਮਾਰ ਕਿਹਾ ਕਿ ਫੜ ਲਓ ਇਨ੍ਹਾਂ ਨੂੰ ਰੋਜ ਰੋਜ ਵੱਟ ਵੱਢਣ ਬਾਰੇ ਪੁੱਛਣ ਦਾ ਮਜਾ ਚਖਾ ਦਿਓ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਸੱਟਾਂ ਮਾਰ ਕੇ ਜ਼ਮੀਨ ’ਤੇ ਸੁੱਟ ਦਿੱਤਾ। ਰੌਲਾ ਸੁਣ ਕੇ ਉਸਦਾ ਭਤੀਜਾ ਲਖਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਕਾਮਾ ਮਿਲਾਪ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀਆਨ ਰਾਣੀਵਲਾਹ ਮੌਕਾ ’ਤੇ ਆਏ ਤਾਂ ਉਕਤ ਵਿਅਕਤੀ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਆਪੋ ਆਪਣੇ ਹਥਿਆਰਾਂ ਸਮੇਤ ਮੌਕਾ ਤੋਂ ਦੌੜ ਗਏ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਇਲਾਜ ਲਈ ਸਵਾਰੀ ਦਾ ਪ੍ਰਬੰਧ ਕਰਕੇ ਉਸ ਦੇ ਭਤੀਜੇ ਨੇ ਸਿਵਲ ਹਸਪਤਾਲ ਸਰਹਾਲੀ ਦਾਖਲ ਕਰਵਾਇਆ। ਮੇਰੇ ਜਿਆਦਾ ਸੱਟ ਹੋਣ ਕਰਕੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਕੇ ਸਿਵਲ ਹਸਪਤਾਲ ਤਰਨ ਤਾਰਨ ਦਾ ਰੈਫਰ ਕਰ ਦਿੱਤਾ। ਸਿਵਲ ਹਸਪਤਾਲ ਤਰਨ ਤਾਰਨ ਵਿਚ ਡਾਕਟਰਾਂ ਨੇ ਉਸਦਾ ਇਲਾਜ ਕੀਤਾ ਅਤੇ ਬਾਅਦ ਵਿਚ ਉਸ ਨੂੰ ਸਰਜਰੀ ਦਾ ਲਿਖ ਕੇ ਹਸਪਤਾਲ ਤੋੋਂ ਡਿਸਚਾਰਜ ਕਰ ਦਿੱਤਾ, ਜੋ ਉਹ ਪ੍ਰਕਾਸ਼ ਹਸਪਤਾਲ ਅੰਮ੍ਰਿਤਸਰ ਸਰਜਰੀ ਲਈ ਦਾਖਲ ਹੋਇਆ ਸੀ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਭਗਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।