ਸਰਹਾਲੀ ਕਲਾਂ, 4 ਜੁਲਾਈ (ਅਜੇ ਸਿੰਘ ਹੁੰਦਲ)– ਵੱਧ ਰਹੀ ਗਲੋਬਲ ਵਾਰਮਿੰਗ ਨੇ ਦੁਨੀਾ ਭਰ ਦੇ ਚਿੰਤਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਅਤੇ ਇਸ ਨਾਲ ਨਜਿੱਠਣ ਲਈ ਸਮਾਜ ਸੇਵੀ ਸੰਸਥਾਵਾਂ ਕਈ ਉਪਰਾਲੇ ਕਰ ਰਹੀਆਂ ਹਨ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿੱਥੇ ਧਾਰਮਿਕ ਪੱਧਰ ’ਤੇ ਵੀ ਵਾਤਾਵਰਣ ਸੰਭਾਲ ਦੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਲੰਮੇ ਸਮੇਂ ਤੋਂ ਹਰ ਸਾਲ ਵਾਤਾਵਰਨ ਸੰਭਾਲ ਲਈ ਵੱਡੇ ਪੱਧਰ ’ਤੇ ਸੇਵਾਵਾਂ ਕਰਦੇ ਆ ਰਹੇ ਹਨ। ਬਾਬਾ ਜੀ ਵਲੋਂ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਪੌਦੇ ਲਗਾਏ ਜਾਂਦੇ ਹਨ। ਵਰਖਾ ਰੁੱਤ ਦੀ ਸ਼ੁਰੂਆਤ ਹੁੰਦਿਆਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਇਹ ਕਾਰਜ ਆਰੰਭ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਪੌਦੇ ਲਗਾਉਣ ਦੇ ਢੁਕਵੇਂ ਸਮੇਂ ਨੂੰ ਵਰਤਦਿਆਂ ਜੁਲਾਈ ਅਤੇ ਅਗਸਤ ਮਹੀਨੇ ਵਿਚ ਇਹ ਸੇਵਾ ਕਾਰਜ ਵੱਡੇ ਪੱਧਰ ’ਤੇ ਚੱਲਦਾ ਰਹੇਗਾ। ਪਹਿਲੇ ਦਿਨ 1 ਜੁਲਾਈ ਨੂੰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਸਰਕਾਰੀ ਆਈ.ਟੀ.ਆਈ. ਸਰਹਾਲੀ ਕਲਾਂ ਵਿਖੇ 500 ਬੂਟੇ ਲਗਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਆਈ.ਟੀ. ਆਈ. ਸਰਹਾਲੀ ਕਲਾਂ ਦੇ ਸਮੂਹ ਸਟਾਫ ਨੇ ਪੌਦੇ ਲਗਾਉਣ ਦੀ ਸੇਵਾ ਕੀਤੀ, ਜਿਨਾਂ ਵਿਚ ਸੰਪਰਦਾਇ ਦੇ ਕਾਰ ਸੇਵਕਾਂ ਅਤੇ ਜਥੇਦਾਰਾਂ ਸਮੇਤ ਪ੍ਰਿੰਸੀਪਲ ਮਨਜੀਤ ਸਿੰਘ, ਗੁਰਬਾਜ ਸਿੰਘ ਸੁਪਰਡੈਂਟ, ਸ਼ਰਨਜੀਤ ਸਿੰਘ, ਅਰਸ਼ਦੀਪ ਸਿੰਘ, ਜਸਵੰਤ ਸਿੰਘ, ਨਿਸ਼ਾਨ ਸਿੰਘ, ਅਵਤਾਰ ਸਿੰਘ, ਦੇਬਾ, ਤਜਿੰਦਰ ਸਿੰਘ, ਨਰੇਸ਼, ਸੁਖਨੀਤ ਸਿੰਘ, ਗੁਰਪ੍ਰੀਤ ਸਿੰਘ ਸ਼ਾਮਲ ਸਨ। 2 ਅਤੇ 3 ਜੁਲਾਈ ਨੂੰ ਸਰਹਾਲੀ ਤੋਂ ਸੁਹਾਵਾ ਲਿੰਕ ਰੋਡ ’ਤੇ ਪੌਦੇ ਲਗਾਉਣ ਦੀ ਸੇਵਾ ਕੀਤੀ ਗਈ। ਸੰਪਰਦਾਇ ਕਾਰ ਸੇਵਾ ਵਲੋਂ ਜਥੇਦਾਰ ਥਲਬੀਰ ਸਿੰਘ, ਜਥੇਦਾਰ ਹਿੰਮਤ ਸਿੰਘ, ਜਥੇਦਾਰ ਸ਼ਬਦਲ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਗੋਰਾ ਸਿੰਘ ਸਿੰਘ ਸਮੇਤ ਅਰਜਨ ਸਿੰਘ ਸੰਧੂ ਸਮਾਜ ਸੇਵੀ ਅਤੇ ਹੋਰ ਕਈ ਸੇਵਾਦਾਰਾਂ ਨੇ ਪ੍ਰੇਮ ਅਤੇ ਸ਼ਰਧਾ ਨਾਲ ਸੇਵਾ ਕੀਤੀ ਗਈ। ਵੱਖ-ਵੱਖ ਪਿੰਡਾਂ ਤੋਂ ਸੰਗਤ ਇਸ ਸੇਵਾ ਲਈ ਪਹੁੰਚ ਰਹੀ ਹੈ, ਅੱਜ ਪਿੰਡ ਦੇਉ ਬਾਠ ਦੀ ਸੰਗਤ ਨੇ ਇਸ ਸੇਵਾ ਵਿਚ ਹਾਜ਼ਰੀ ਲਵਾਈ।