ਝਬਾਲ, 6 ਜੁਲਾਈ (ਸੁਖਦੇਵ ਸਿੰਘ)- ਨਰੇਗਾ ਮੁਲਾਜ਼ਮ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਪਿਛਲੇ 6 ਮਹੀਨਿਆਂ ਤੋਂ ਰੁਕੀਆ ਤਨਖਾਹਾਂ ਨੂੰ ਜਾਰੀ ਕਰਵਾਉਣ ਲਈ ਦੀ ਇਕ ਮਹੀਨੇ ਤੋਂ ਚੱਲ ਰਹੀ ਕਲਮ ਛੋੜ ਹੜਤਾਲ ਵਿਚ ਬਲਾਕ ਗੰਡੀਵਿੰਡ ਦੇ ਮੇਟਾਂ ਅਤੇ ਮਜ਼ਦੂਰਾਂ ਵਲੋਂ ਨਰੇਗਾ ਮੁਲਾਜ਼ਮਾਂ ਦੇ ਹੱਕ ਦੇ ਵਿਚ ਬਲਾਕ ਗੰਡੀਵਿੰਡ ਵਿਖੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਜਰਨੈਲ ਸਿੰਘ ਅਤੇ ਨਰੇਗਾ ਕਰਮਚਾਰੀ ਯੂਨੀਅਨ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਚੀਮਾ ਨੇ ਕਿਹਾ 17-18 ਸਾਲਾਂ ਤੋ ਪੰਚਾਇਤ ਵਿਭਾਗ ਵਿਚ ਕੱਚੀ ਨੌਕਰੀ ਕਰ ਰਹੇ ਹਨ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਮੁਲਾਜ਼ਮਾਂ ਦਾ ਸ਼ੋਸ਼ਣ ਹੀ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਨ ’ਤੇ ਨਰੇਗਾ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦਾ ਵਿਸ਼ਵਾਸ ਦਿਵਾਇਆ ਸੀ, ਪਰ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਬਾਅਦ ਵੀ ਉਨ੍ਹਾਂ ਨੂੰ ਪੱਕਿਆਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਦਲਜਿੰਦਰ ਸਿੰਘ, ਗੁਰਕਿਰਤ ਸਿੰਘ, ਹਰਪਾਲ ਸਿੰਘ, ਏ.ਪੀ.ਓ. ਸੰਦੀਪ ਸਿੰਘ, ਰਮਨਦੀਪ ਕੌਰ, ਬਲਾਕ ਗੰਡੀਵਿੰਡ ਦੇ ਮੇਟ ਅਤੇ ਲੇਬਰ ਹਾਜ਼ਰ ਸਨ।