ਭਿੱਖੀਵਿੰਡ, 7 ਜੁਲਾਈ (ਬੌਬੀ)- ਪੰਜਾਬ ਵਿਚ ਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਦੀ ਵਾਗਡੋਰ ਦੇ ਦਿੱਤੀ ਜਾਵੇ ਤਾਂ ਪੰਜਾਬ ਦੇ ਲੋਕ ਪੰਜਾਬ ਦੀ ਸੱਤਾ ਕਾਂਗਰਸ ਪਾਰਟੀ ਨੂੰ ਦੇਣ ਲਈ ਪੂਰੀ ਤਰ੍ਹਾਂ ਉਤਾਵਲੇ ਨਜ਼ਰ ਆਉਂਦੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜਗਮਲ ਸਿੰਘ ਸਰਪੰਚ ਕਾਜੀਚੱਕ ਨੇ ਸਾਬਕਾ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਇੰਦਰਬੀਰ ਸਿੰਘ ਬੁਲਾਰੀਆ ਸਮੇਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਜਿਸ ਜਗ੍ਹਾ ’ਤੇ ਲਿਆ ਖੜਾ ਕੀਤਾ ਹੈ, ਉਸ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਦੁਖੀ ਹਨ । ਅੱਜ ਗੈਂਗਸਟਰਵਾਦ ਪੰਜਾਬ ਨੂੰ ਤਬਾਹ ਕਰਨ ਦੇ ਰਾਹ ’ਤੇ ਹੈ, ਛੋਟਾ ਵਪਾਰੀ ਤੱਕ ਪੰਜਾਬ ਛੱਡਣ ਲਈ ਤਿਆਰ ਹੈ ਅਤੇ ਪੰਜਾਬ ਦੇ ਲੋਕ ਹੁਣ ਕਾਂਗਰਸ ਪਾਰਟੀ ਵੱਲ ਵੇਖ ਰਹੇ ਹਨ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਕਦੋਂ ਪੰਜਾਬ ਦੀ ਵਾਗਡੋਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਬਾਖੂਬੀ ਪੰਜਾਬ ਦੇ ਲੋਕਾਂ ਦੀ ਨਬਜ਼ ਜਾਣਦੇ ਹਨ, ਉਹ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੇ ਸਨ। ਉਨ੍ਹਾਂ ਪੰਜਾਬ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦੀ ਪ੍ਰਵਾਹ ਨਹੀਂ ਕੀਤੀ, ਇਸ ਲਈ ਲੋਕ ਸਮਝਦੇ ਹਨ ਕਿ ਚਰਨਜੀਤ ਸਿੰਘ ਚੰਨੀ ਹੀ ਪੰਜਾਬ ਵਿਚ ਕਾਂਗਰਸ ਦੀ ਬੇੜੀ ਨੂੰ ਪਾਰ ਲਾ ਸਕਦਾ ਹੈ। ਇਸ ਲਈ ਕਾਂਗਰਸ ਹਾਈਕਮਾਨ ਨੂੰ ਚਾਹੀਦਾ ਕਿ ਉਹ ਜਲਦੀ ਤੋਂ ਜਲਦੀ ਇਸ ਸੰਬੰਧੀ ਫੈਸਲਾ ਕਰੇ ਅਤੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੀ ਵਾਗਡੋਰ ਸੰਭਾਲੇ, ਤਾਂ ਜੋ ਕਾਂਗਰਸ ਪਾਰਟੀ ਦੀ ਇਕ ਲਹਿਰ ਉਭਰ ਸਕੇ ਅਤੇ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਵੱਡੀ ਜਿੱਤ ਪ੍ਰਾਪਤ ਕਰ ਸਕੇ।