ਫਤਿਆਬਾਦ, 10 ਜੁਲਾਈ (ਹਰਵਿੰਦਰ ਸਿੰਘ ਧੂੰਦਾ)-ਭੁੱਲਰ ਪਿੰਡ ਦੇ ਨਿਵਾਸੀ ਮੋਟਰਸਾਈਕਲ ਸਵਾਰ ਦੋ-ਪਿਓ ਪੁੱਤਰਾਂ ਦੀ ਫਤਿਆਬਾਦ ਵਿਖੇ ਕਾਰ ਨਾਲ ਹੋਈ ਜ਼ਬਰਦਸਤ ਟੱਕਰ ਵਿਚ ਮੋਟਰਸਾਈਕਲ ’ਤੇ ਸਵਾਰ ਕੁਲਦੀਪ ਸਿੰਘ ਪੁੱਤਰ ਇੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ, ਜਦਕਿ ਉਸ ਦਾ ਬੇਟਾ ਸਵਜੋਤ ਸਿੰਘ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਮ ਤੋੜ ਗਿਆ। ਇਸ ਬਾਰੇ ਮ੍ਰਿਤਕ ਦੇ ਚਾਚੇ ਦੇ ਪੁੱਤਰ ਰਜਿੰਦਰ ਸਿੰਘ ਵਾਸੀ ਭੁੱਲਰ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਵਾਸੀ ਫਤਿਆਬਾਦ ਨੇ ਦੱਸਿਆ ਕਿ ਦੋਵੇਂ ਪਿਓ-ਪੁੱਤਰ ਸਿਲੰਡਰਾਂ ਵਾਲੀ ਗੱਡੀ ’ਤੇ ਗੋਇੰਦਵਾਲ ਸਾਹਿਬ ਵਿਖੇ ਡਰਾਈਵਰੀ ਤੇ ਕੁਨੈਕਟਰੀ ਦਾ ਕੰਮ ਕਰਦੇ ਸਨ ਕਿ 9 ਜੁਲਾਈ ਨੂੰ ਸਵੇਰੇ ਘਰੋਂ ਛੇ ਵਜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਸੀ ਕਿ ਫਤਿਆਬਾਦ ਪਹੁੰਚਣ ’ਤੇ ਸਾਹਮਣੇ ਤੋਂ ਆ ਰਹੀ ਕਾਰ ਦੇ ਡਰਾਈਵਰ ਨੇ ਮੋਟਰਸਾਈਕਲ ਵਿਚ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਰਕੇ ਕੁਲਦੀਪ ਸਿੰਘ ਪੁੱਤਰ ਇੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਕਾਰ ਵਾਲਾ ਕਾਰ ਭਜਾ ਕੇ ਲੈ ਗਿਆ, ਪਰ ਉਸ ਦੀ ਕਾਰ ਦੀ ਅਗਲੇ ਪਾਸੇ ਦੀ ਨੰਬਰ ਪਲੇਟ ਉਥੇ ਡਿੱਗ ਪਈ, ਜਿਸ ਨੂੰ ਫਤਿਆਬਾਦ ਰਹਿੰਦੇ ਲੋਕਾਂ ਨੇ ਸਾਡੇ ਤੱਕ ਪਹੁੰਚਾ ਦਿੱਤੀ । ਇਸ ਤੋਂ ਬਾਅਦ 15 ਸਾਲਾ ਸਵਤੋਜ ਸਿੰਘ ਨੂੰ ਜੋ ਕਿ ਸਹਿਕਦਾ ਸੀ ਮੈਂ ਉਸ ਨੂੰ ਕੋਈ ਪ੍ਰਬੰਧ ਕਰਕੇ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ, ਪਰ ਉਹ ਵੀ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਅਕਾਲ ਚਲਾਣਾ ਕਰ ਗਿਆ। ਉਨ੍ਹਾਂ ਦੱਸਿਆ ਕਿ 9 ਜੁਲਾਈ ਸਵੇਰੇ ਸੱਤ ਵਜੇ ਐਕਸੀਡੈਂਟ ਹੋਇਆ, ਪਰ ਅੱਜ 10 ਜੁਲਾਈ ਨੂੰ ਸ਼ਾਮ ਦੇ ਛੇ ਵਜੇ ਤੱਕ ਪੁਲਿਸ ਵਲੋਂ ਨਾ ਤਾਂ ਲਾਸ਼ਾਂ ਪੋਸਟਮਾਰਟਮ ਕਰਵਾਇਆ ਅਤੇ ਸਾਡੇ ਵਲੋਂ ਦਿਤੇ ਬਿਆਨਾਂ ਤੋ ਹੱਟ ਕੇ ਆਪਣੀ ਮਰਜੀ ਨਾਲ ਬਿਆਨ ਲਿਖ ਕੇ ਅਣਪਛਾਤੇ ਵਿਅਕਤੀ ’ਤੇ ਪਰਚਾ ਦੇ ਦਿੱਤਾ। ਜਦਕਿ ਅਸੀਂ ਏ. ਐਸ. ਆਈ. ਪ੍ਰਮਜੀਤ ਸਿੰਘ ਨੂੰ ਕਿਹਾ ਕਿ ਨੰਬਰ ਪਲੇਟ ਤੋਂ ਕਾਰ ਟਰੇਸ ਹੋ ਜਾਣੀ ਹੈ, ਜੋ ਅਸਲ ਦੋਸ਼ੀ ਹੈ, ਉਸ ਖ਼ਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ, ਪਰ ਪੁਲਿਸ ਪ੍ਰਸ਼ਾਸਨ ਨੇ ਸਾਡੀ ਇਕ ਨਹੀਂ ਸੁਣੀ, ਜਿਸ ਕਰਕੇ ਅਸੀਂ ਪਿੰਡ ਵਾਸੀਆਂ ਤੇ ਆਪਣੇ ਰਿਸ਼ਤੇਦਾਰਾਂ ਨਾਲ ਲੈ ਕੇ ਫਤਿਆਬਾਦ ਚੋਹਲਾ ਸਾਹਿਬ ਟੀ-ਪੁਆਇੰਟ ’ਤੇ ਧਰਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲਿਆ, ਓਨਾ ਚਿਰ ਧਰਨਾ ਜਾਰੀ ਰਹੇਗਾ। ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਪੀ. ਏ. ਨੇ ਵੀ ਧਰਨੇ ’ਚ ਬੋਲਦੇ ਹੋਏ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ।