ਝਬਾਲ, 10 ਜੁਲਾਈ (ਸੁਖਦੇਵ ਸਿੰਘ)-ਨਜ਼ਦੀਕੀ ਪਿੰਡ ਠੱਠਾ ਵਿਖੇ ਮੋਟਰਸਾਈਕਲ ਦੀ ਚਾਬੀ ਨਾ ਦੇਣ ’ਤੇ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਕੁਝ ਨੌਜਵਾਨਾ ਨੇ ਘਰ ਅੰਦਰ ਦਾਖਲ ਹੋ ਘਰ ਦੀ ਭੰਨਤੋੜ ਕੀਤੀ ਤੇ ਹਵਾਈ ਫਾਇਰ ਕਰਕੇ ਫ਼ਰਾਰ ਹੋ ਗਏ। ਇਸ ਸੰਬੰਧੀ ਰਵਿੰਦਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਠੱਟਾ ਵਲੋਂ ਥਾਣਾ ਝਬਾਲ ਵਿਖੇ ਦਿੱਤੀ ਦਰਖਾਸਤ ਮੁਤਾਬਿਕ ਪਿੰਡ ਦੇ ਵਸਨੀਕ ਅਰਜਨ ਸਿੰਘ ਪੁੱਤਰ ਮੀਤ ਸਿੰਘ ਨੇ ਉਸ ਕੋਲੋਂ ਮੋਟਰਸਾਈਕਲ ਦੀ ਚਾਬੀ ਮੰਗੀ, ਪਰ ਚਾਬੀ ਦੇਣ ਤੋਂ ਇੰਨਕਾਰ ਕਰਨ ’ਤੇ ਉਕਤ ਵਿਅਕਤੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਵਾਪਸ ਚਲੇ ਗਿਆ। ਸ਼ਾਮ ਵੇਲੇ ਉਕਤ ਵਿਅਕਤੀ ਨੇ 8-10 ਨੌਜਵਾਨਾਂ ਨੂੰ ਨਾਲ ਲੈ ਕੇ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ ਅਤੇ ਸਾਮਾਨ ਦੀ ਭੰਨਤੋੜ ਕਰਨ ਉਪਰੰਤ ਹਵਾਈ ਫਾਇਰ ਕਰਦੇ ਹੋਏ ਫ਼ਰਾਰ ਹੋ ਗਏ। ਰਵਿੰਦਰ ਸਿੰਘ ਨੇ ਘਰ ਦੀ ਭੰਨਤੋੜ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਮੌਕੇ ’ਤੇ ਪੁਲਿਸ ਪਾਰਟੀ ਸਮੇਤ ਪੁੱਜੇ ਥਾਣੇਦਾਰ ਦਿਲਬਾਗ ਸਿੰਘ ਨੇ ਸਾਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।