ਤਰਨ ਤਾਰਨ, 10 ਜੁਲਾਈ (ਇਕਬਾਲ ਸਿੰਘ ਸੋਢੀ)-ਸੈਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੀ ਜ਼ਿਲ੍ਹਾ ਕਮੇਟੀ ਤਰਨ ਤਾਰਨ ਦੇ ਕਨਵੀਨਰ ਕਾ. ਸੁਖਦੇਵ ਸਿੰਘ ਗੋਹਲਵੜ, ਕਾ. ਹੀਰਾ ਸਿੰਘ ਕੰਡਿਆਂ ਵਾਲੇ, ਕਾ. ਜਸਵਿੰਦਰ ਸਿੰਘ ਮਾਣੋਚਾਲ੍ਹ, ਕਾ. ਕਰਮ ਸਿੰਘ ਲਾਲਪੁਰਾ ਕਾ. ਅਜਮੇਰ ਸਿੰਘ ਤਰਨ ਤਾਰਨ, ਕਾ. ਬਲਦੇਵ ਸਿੰਘ ਗੋਹਲਵੜ, ਮਨਪ੍ਰੀਤ ਸਿੰਘ ਕੋਟਲੀ ਆਦਿ ਆਗੂਆਂ ਦੀ ਅਗਵਾਈ ਹੇਠ ਮਜ਼ਦੂਰਾਂ ਕਿਸਾਨਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਦਾ ਮੰਗ ਪੱਤਰ ਐਸ.ਡੀ.ਐਮ. ਤਰਨ ਤਾਰਨ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਭੇਜਿਆ ਉਕਤ ਆਗੂਆਂ ਨੇ ਕਿਹਾ ਕਿ ਚਾਰ ਲੇਬਰ ਕੋਡ ਰੱਦ ਕਰਕੇ 29 ਲੇਬਰ ਕਾਨੂੰਨ ਬਹਾਲ ਕੀਤੇ ਜਾਣ। ਵੀ.ਬੀ.ਜੀ.ਰਾਮ ਜੀ ਕਾਨੂੰਨ ਰੱਦ ਕਰਕੇ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ। ਬਿਜਲੀ ਸੋਧ ਬਿੱਲ 2025 ਐਕਟ ਬਿੱਲ ਵਾਪਸ ਲਿਆ ਜਾਵੇ, ਮੁਕਤ ਵਪਾਰ ਸੰਧੀ ਰੱਦ ਕੀਤੀ ਜਾਵੇ। ਖੇਤ ਮਜ਼ਦੂਰਾ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਪਲਾਟ ਵਿਚ ਉਸਾਰੀ ਵਾਸਤੇ ਪੰਜ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ। ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਬਿਨਾਂ ਸ਼ਰਤ ਮੁਆਫ ਕੀਤੇ ਜਾਣ। ਆਜ਼ਾਦੀ ਤੋਂ ਬਾਅਦ ਜਿਨਾ ਅਬਾਦਕਾਰਾਂ ਨੇ ਜ਼ਮੀਨਾਂ ਅਬਾਦ ਕੀਤੀਆਂ, ਉਨ੍ਹਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਬਾਰਡਰ ਦੇ ਪਾਰ ਜ਼ਮੀਨਾਂ ਦਾ 30,000 ਰੁਪਏ ਮੁਆਵਜ਼ਾ ਕੇਦਰ ਸਰਕਾਰ ਦੇਵੇ। ਤਾਰ ਤੋਂ ਪਾਰ ਕਿਸਾਨੀ ਦੇ ਕੰਮ ਘੰਟੇ ਵਧਾਏ ਜਾਣ। ਜਦੋਂ ਕੌਮਾਂਤਰੀ ਪੱਧਰ ’ਤੇ ਡੀਜਲ ਤੇ ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਘੱਟ ਚੁੱਕੀਆਂ ਹਨ। ਕੇਂਦਰ ਸਰਕਾਰ ਆਮ ਲੋਕਾਂ ਨੂੰ ਮਹਿਗਾਈ ਤੋਂ ਰਾਹਤ ਦੇਣ ਵਾਸਤੇ ਡੀਜ਼ਲ ਤੇ ਪੈਟਰੋਲ ਅਤੇ ਰਸੋਈ ਗੈਸ ਦੇ ਰੇਟਾਂ ਵਿਚ ਕੀਤਾ ਵਾਧਾ ਕੇਂਦਰ ਸਰਕਾਰ ਵਾਪਸ ਲਵੇ । ਯੂਰੀਆ ਤੇ ਡੀ.ਏ.ਪੀ. ਖਾਦ ਨਾਲ ਹੋਰ ਸਮੱਗਰੀ ਦੇਣ ਦੇ ਨਾਂਅ ’ਤੇ ਲੁੱਟ ਬੰਦ ਕੀਤੀ ਜਾਵੇ। ਹੜ੍ਹਾਂ ਤੋਂ ਬਚਾਅ ਲਈ ਦਰਿਆਵਾਂ ਦੇ ਸਾਰੇ ਧੁੱਸੀ ਬੰਨਾਂ ਦੀ ਮੁਰੰਮਤ ਕੀਤੀ ਜਾਵੇ। ਲਾਲ ਲਕੀਰ ਦੇ ਅੰਦਰ ਵੱਸਦੇ ਲੋਕਾਂ ਨੂੰ ਘਰਾ ਦੇ ਮਾਲਕੀ ਹੱਕ ਦਿੱਤੇ ਜਾਣ । ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ ਵਿਰੁੱਧ ਕੀਤੇ ਜਾ ਰਹੇ ਜੁਲਮ ਨੂੰ ਰੋਕਿਆ ਜਾਵੇ ਅਤੇ ਸੰਘਰਸ਼ ਦੌਰਾਨ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ । ਆਂਗਣਵਾੜੀ ਵਰਕਰ, ਹੈਲਪਰ, ਆਸ਼ਾ ਵਰਕਰ, ਮਿਡ ਡੇ ਮੀਲ ਵਰਕਰਾ ਅਤੇ ਪਿੰਡਾਂ ਦੇ ਚੌਂਕੀਦਾਰਾਂ ਨੂੰ ਘੱਟੋ-ਘੱਟ ਉਜਰਤਾ ਦੇ ਘੇਰੇ ਵਿਚ ਲਿਆਂਦਾ ਜਾਵੇ। ਇਸ ਮੌਕੇ ਦਿਲਬਾਗ ਸਿੰਘ ਗੋਹਲਵੜ, ਪਰਮਜੀਤ ਸਿੰਘ ਕੋਟਲੀ, ਸਰਵਨ ਸਿੰਘ ਪੰਡੋਰੀ ਰਣ ਸਿੰਘ, ਰਣਜੀਤ ਸਿੰਘ ਰਟੌਲ ਆਦਿ ਆਗੂ ਹਾਜ਼ਰ ਸਨ।