ਝਬਾਲ, 12 ਜੁਲਾਈ (ਸੁਖਦੇਵ ਸਿੰਘ)- ਫ਼ਿਲਮ ਸਤਲੁਜ ’ਤੇ ਲੱਗੀ ਰੋਕ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਪੰਥਕ ਜਥੇਬੰਦੀਆਂ ਵਲੋਂ ਯੁਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾਂ, ਵਾਰਿਸ ਪੰਜਾਬ ਦੇ ਆਗੂ ਮਨਦੀਪ ਸਿੰਘ, ਪੰਜ ਪਿਆਰੇ ਭਾਈ ਸਤਨਾਮ ਸਿੰਘ ਖੰਡਾ, ਖਾਲੜਾ ਮਿਸ਼ਨ ਕਮੇਟੀ ਦੇ ਰਾਜੀਵ ਸਿੰਘ ਅਤੇ ਸੁਰਿੰਦਰ ਸਿੰਘ ਘਰਿਆਲਾ ਦੀ ਅਗਵਾਈ ਹੇਠ ਚੇਤਨਾ ਮਾਰਚ ਕੱਢਿਆ ਗਿਆ। ਅੰਮ੍ਰਿਤਸਰ ਵਿਖੇ ਸਥਿਤ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਰਿਹਾਇਸ਼ ਤੋਂ ਸ਼ੁਰੂ ਹੋਇਆ ਚੇਤਨਾ ਮਾਰਚ ਵੱਖ-ਵੱਖ ਪਿੰਡਾਂ ’ਚੋਂ ਦੀ ਹੁੰਦਾ ਹੋਇਆ ਥਾਣਾ ਝਬਾਲ (ਜਿੱਥੇ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ ਗਿਆ ਸੀ), ਵਿਖੇ ਪੁੱਜ ਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਚੇਤਨਾ ਮਾਰਚ ’ਚ ਵੱਡੀ ਗਿਣਤੀ ’ਚ ਨੌਜਵਾਨ, ਬਜ਼ੁਰਗ ਅਤੇ ਮਹਿਲਾਵਾਂ ਸ਼ਾਮਿਲ ਹੋਈਆਂ । ਮਾਰਚ ’ਚ ਸ਼ਾਮਿਲ ਲੋਕਾਂ ਨੇ ਹੱਥਾਂ ’ਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਪੋਸਟਰ ਫੜੇ ਹੋਏ ਸਨ । ਦੱਸਣਯੋਗ ਹੈ ਕਿ 90 ਦੇ ਦਹਾਕੇ ’ਚ ਥਾਣਾ ਝਬਾਲ ਕਾਲੇ ਦੌਰ ਦਾ ਪ੍ਰਤੀਕ ਬਣ ਗਿਆ ਸੀ । ਇੱਥੋਂ ਹੀ ਬਹੁਤ ਸਾਰੇ ਨੌਜਵਾਨ ਲਾਪਤਾ ਹੋਏ ਸਨ । ਇਸੇ ਲਈ ਚੇਤਨਾ ਮਾਰਚ ਨੇ ਇੱਥੇ ਪੁੱਜ ਕੇ ਉਨ੍ਹਾਂ ਸਾਰੇ ਅਣਪਛਾਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਦੀਆਂ ਲਾਸ਼ਾਂ ਅੱਜ ਤੱਕ ਨਹੀਂ ਮਿਲੀਆਂ। ਇਸ ਮੌਕੇ ਪੰਥਕ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਫ਼ਿਲਮ ਸਤਲੁਜ ਨੇ ਇਸੇ ਦਰਦ ਨੂੰ ਪਰਦੇ ’ਤੇ ਲਿਆਂਦਾ, ਪਰ ਸਰਕਾਰ ਵਲੋਂ ਇਸ ਨੂੰ ਬੈਨ ਕਰ ਦਿੱਤਾ ਗਿਆ। ਉਨ੍ਹਾਂ ਨੇ ਫਿਲਮ ’ਤੇ ਲਗਾਈ ਪਾਬੰਦੀ ਤੁਰੰਤ ਹਟਾ ਕੇ ਮੁੜ ਰਿਲੀਜ਼ ਕਰਨ ਦੀ ਮੰਗ ਕੀਤੀ। ਥਾਣਾ ਝਬਾਲ ਤੋਂ ਮੁੜ ਆਰੰਭ ਹੋਇਆ ਚੇਤਨਾ ਮਾਰਚ ਗੁਰਦੁਆਰਾ ਮਾਤਾ ਭਾਗ ਕੌਰ ਜੀ ਅਤੇ ਗੁਰਦੁਆਰਾ ਬੀਬੀ ਵੀਰੋ ਜੀ ਵਿਖੇ ਪੁੱਜਾ। ਜਿੱਥੇ ਖਾਲੜਾ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਅਤੇ ਪਿੰਡ ਵਾਸੀਆਂ ਵਲੋਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਭਾਈ ਵੱਸਣ ਸਿੰਘ ਜਫਰਵਾਲ, ਅਵਤਾਰ ਸਿੰਘ ਢਿੱਲੋਂ, ਤਰਲੋਕ ਸਿੰਘ ਝਬਾਲ, ਮਨਜਿੰਦਰ ਸਿੰਘ ਭੋਜੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਸਤਲੁਜ ਫ਼ਿਲਮ ’ਤੇ ਲੱਗੀ ਪਾਬੰਦੀ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਚੇਤਨਾ ਮਾਰਚ ਕੱਢਿਆ
ਅਜੀਤ ਡੈਸਕ
13-07-2026