ਤਰਨ ਤਾਰਨ, 13 ਜੁਲਾਈ (ਹਰਿੰਦਰ ਸਿੰਘ)- ਤਰਨ ਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਖੇ ਬੀਤੀ ਰਾਤ ਨੂੰ ਇਕ ਘਰ ’ਚ ਦਾਖ਼ਲ ਹੋ ਕੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਮਾਂ ਤੇ ਧੀ ਨੂੰ ਪਿਸਤੌਲ ਦੀ ਨੋਕ ’ਤੇ ਬੰਧਕ ਬਣਾ ਕੇ ਵੀਹ ਲੱਖ ਰੁਪਏ ਦੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਚਾਰ ਲੱਖ ਦੀ ਨਕਦੀ ਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰੇ ਘਰੇਲੂ ਗੈਸ ਸਿਲੰਡਰ, ਬੁਲੇਟ ਮੋਟਰਸਾਈਕਲ, ਸੀ.ਸੀ.ਟੀ.ਵੀ. ਦਾ ਡੀ.ਵੀ.ਆਰ., ਤਿੰਨ ਮੋਬਾਈਲ ਵੀ ਨਾਲ ਲੈ ਗਏ ਹਨ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਗੋਇੰਦਵਾਲ ਸਾਹਿਬ ਦੇ ਡੀ.ਐਸ.ਪੀ. ਹਰਿੰਦਰ ਸਿੰਘ ਅਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਪਿੰਡ ਨੌਰੰਗਾਬਾਦ ਦੀ ਰਹਿਣ ਵਾਲੀ ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਘਰ ਤੋਂ ਬਾਹਰ ਗਿਆ ਹੋਇਆ ਸੀ। ਘਰ ਵਿਚ ਉਹ ਅਤੇ ਉਸ ਦੀ ਧੀ ਅਨਮੋਲਦੀਪ ਕੌਰ ਅਤੇ ਪੰਜ ਸਾਲ ਦੀ ਬੱਚੀ ਮੌਜੂਦ ਸੀ । ਉਨ੍ਹਾਂ ਦੱਸਿਆ ਕਿ ਉਹ ਤੜਕਸਾਰ 2:15 ਦੇ ਕਰੀਬ ਉਠ ਕੇ ਬਾਥਰੂਮ ਜਾਣ ਲੱਗੀ ਤਾਂ ਉਥੇ ਪਹਿਲਾਂ ਹੀ ਮੌਜੂਦ ਤਿੰਨ ਵਿਅਕਤੀਆਂ ਨੇ ਉਸ ਨੂੰ ਪਿਸਤੌਲ ਅਤੇ ਹੋਰ ਹਥਿਆਰਾਂ ਦੀ ਨੋਕ ’ਤੇ ਬੰਧਕ ਬਣਾ ਲਿਆ । ਇਸੇ ਦੌਰਾਨ ਉਸ ਦੀ ਲੜਕੀ ਵੀ ਉਥੇ ਆ ਗਈ । ਉਕਤ ਵਿਅਕਤੀਆਂ ’ਚੋਂ ਇਕ ਵਿਅਕਤੀ ਕੋਲ ਪਿਸਤੌਲ ਅਤੇ ਦੂਸਰੇ ਕੋਲ ਤੇਜ਼ਧਾਰ ਹਥਿਆਰ ਸਨ । ਅਣਪਛਾਤੇ ਵਿਅਕਤੀਆਂ ਨੇ ਦੋਵਾਂ ਮਾਂ–ਧੀ ਨੂੰ ਕੱਪੜੇ ਨਾਲ ਬੰਨ੍ਹ ਲਿਆ ਅਤੇ ਘਰ ਵਿਚੋਂ ਲੱਖਾਂ ਰੁਪਏ ਸੋਨੇ ਦੇ ਗਹਿਣੇ ਅਤੇ ਚਾਰ ਲੱਖ ਰੁਪਏ ਦੀ ਨਕਦੀ ਲੁੱਟ ਲਈ। ਜਾਂਦੇ ਸਮੇਂ ਇਹ ਲੁਟੇਰੇ ਘਰ ਵਿਚ ਖੜਾ ਬੁਲੇਟ ਮੋਟਰਸਾਈਕਲ, ਗੈਸ ਸਿਲੰਡਰ, ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਅਤੇ ਉਨ੍ਹਾਂ ਦੇ ਤਿੰਨ ਮੋਬਾਈਲ ਵੀ ਲੈ ਗਏ। ਮੌਕੇ ’ਤੇ ਪਹੁੰਚੇ ਗੋਇੰਦਵਾਲ ਸਾਹਿਬ ਦੇ ਡੀ.ਐਸ.ਪੀ. ਹਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿਚ ਘਰ ਦੀਆਂ ਔਰਤਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹਥਿਆਰਾਂ ਦੀ ਨੋਕ ’ਤੇ ਮਾਂ-ਧੀ ਨੂੰ ਬੰਧਕ ਬਣਾ ਕੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟੀ
ਅਜੀਤ ਡੈਸਕ
14-07-2026