ਭਿੱਖੀਵਿੰਡ, 13 ਜੁਲਾਈ (ਬੌਬੀ)– ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਕਿਰਤੀ ਗੁਰਸਿੱਖ, ਨਾਮ ਬਾਣੀ ਦੇ ਰਸੀਏ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਮਹਾਨ ਸੂਰਬੀਰ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਹਰਮੋਹਿੰਦਰ ਸਿੰਘ ਦੇ ਭਰਪੂਰ ਸਹਿਯੋਗ ਸਦਕਾ ਬੱਚਿਆਂ ਦੇ ਦਸਤਾਰ , ਦੁਮਾਲਾ, ਗੁਰਬਾਣੀ ਕੰਠ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ। ਜਿਸ ਵਿਚ ਇਲਾਕੇ ਦੇ ਗੁਰੂ ਨਾਨਕ ਡੀ.ਏ.ਵੀ. ਪਬਲਿਕ ਸਕੂਲ, ਸ਼ਹੀਦ ਭਗਤ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਭਿੱਖੀਵਿੰਡ, ਗੁਰੂ ਕੁਲ ਸਕੂਲ ਮਾੜੀ ਗੌੜ ਸਿੰਘ, ਆਈ.ਟੀ.ਆਈ. ਸਕੂਲ ਲੜਕੀਆਂ ਭਗਵਾਨਪੁਰਾ, ਰੈਡੀਅਨਸ਼ ਸਕੂਲ, ਬਾਬਾ ਦੀਪ ਸਿੰਘ ਪਬਲਿਕ ਸਕੂਲ ਪਹੂਵਿੰਡ ਅਤੇ ਇਲਾਕੇ ਦੇ ਲਗਪਗ 200 ਬੱਚਿਆਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਦਸਤਾਰ, ਦੁਮਾਲਾ ਮੁਕਾਬਲੇ ਵਿਚ ਚਾਰ ਗਰੁੱਪ, ਗੁਰਬਾਣੀ ਕੰਠ ਮੁਕਾਬਲੇ ਵਿਚ ਦੋ ਗਰੁੱਪ ਅਤੇ ਕਵੀਸ਼ਰੀ ਮੁਕਾਬਲੇ ਵਿਚ ਦੋ ਗਰੁੱਪ ਬਣਾ ਕੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ। ਦਸਤਾਰ ਦੁਮਾਲਾ ਮੁਕਾਬਲੇ ਵਿੱਚ ਸਮੂਹ ਸਕੂਲਾਂ ਦੇ ਬੱਚਿਆਂ ਨੇ ਪਹਿਲਾ, ਦੂਸਰਾ, ਤੀਸਰਾ ਸਥਾਨ, ਗੁਰਬਾਣੀ ਕੰਠ ਮੁਕਾਬਲੇ ਦੇ ਜੂਨੀਅਰ ਗਰੁੱਪ ਵਿਚ ਗੁਰਲੀਨ ਕੌਰ ਪਹਿਲਾ, ਸ਼ਬਨਾਜ ਕੌਰ ਦੂਸਰਾ ਰੈਡੀਅਨਸ਼ ਸਕੂਲ ਪਹੂਵਿੰਡ, ਰਨਦੀਪ ਸਿੰਘ ਸ਼ਹੀਦ ਭਗਤ ਸਿੰਘ ਸਕੂਲ ਨੇ ਤੀਸਰਾ ਅਤੇ ਸੀਨੀਅਰ ਗਰੁੱਪ ਵਿਚ ਵਿਸ਼ਾਲਪ੍ਰੀਤ ਸਿੰਘ ਨੇ ਪਹਿਲਾ, ਗੁਰਨੂਰ ਕੌਰ, ਜਪਜੀਤ ਕੌਰ ਆਈ.ਟੀ.ਆਈ ਸਕੂਲ ਨੇ ਲਗਾਤਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ । ਇਸੇ ਤਰ੍ਹਾਂ ਕਵੀਸ਼ਰੀ ਮੁਕਾਬਲੇ ਦੇ ਜੂਨੀਅਰ ਅਤੇ ਸੀਨੀਅਰ ਗਰੁੱਪ ਵਿਚ ਪਹਿਲਾ ਸਥਾਨ ਆਈ.ਟੀ.ਆਈ. ਸਕੂਲ ਭਗਵਾਨਪੁਰਾ ਅਤੇ ਦੂਸਰਾ ਸਥਾਨ ਸ਼ਹੀਦ ਭਗਤ ਸਿੰਘ ਸਕੂਲ ਨੇ ਪ੍ਰਾਪਤ ਕਰਕੇ ਅਧਿਆਪਕ ਮਾਪੇ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਹਨਾਂ ਸਾਰੇ ਜੇਤੂ ਬੱਚਿਆਂ ਨੂੰ ਸ਼ੀਲਡਾਂ ਅਤੇ ਧਾਰਮਿਕ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ । ਬਾਕੀ ਸਾਰਿਆ ਨੂੰ ਮੈਡਲ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਸੁਸਾਇਟੀ ਵਲੋ ਉਚੇਚੇ ਤੌਰ ’ਤੇ ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਮੁੱਖ ਬੁਲਾਰੇ ਭਾਈ ਸੁਖਵਿੰਦਰ ਸਿੰਘ ਖਾਲੜਾ, ਖਜਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ, ਪ੍ਰੋਗਰਾਮ ਕੋਆਡੀਨੇਟਰ ਹਰਜੀਤ ਸਿੰਘ ਲਹਿਰੀ, ਭਾਈ ਮਨਦੀਪ ਸਿੰਘ ਘੋਲੀਆਂ ਕਲਾਂ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਆਈ.ਟੀ.ਆਈ. ਕਾਲਜ ਭਗਵਾਨਪੁਰਾ ਦੇ ਡਾਇਰੈਕਟਰ ਭਾਈ ਇੰਦਰਜੀਤ ਸਿੰਘ ਬਾਗਾਂ ਵਾਲੇ, ਬਾਬਾ ਹਰਮੋਹਿੰਦਰ ਸਿੰਘ ਜੀ ਬੀਬੀ ਕੌਲਾਂ ਭਲਾਈ ਕੇਂਦਰ, ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਜਗੀਰ ਸਿੰਘ, ਰਿਸੀਵਰ ਭਾਈ ਜਸਪਾਲ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਹੈਡ ਗ੍ਰੰਥੀ ਭਾਈ ਮਨਦੀਪ ਸਿੰਘ ਨੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਗੁਰੂ ਦੀ ਬਖਸ਼ਿਸ਼ ਸਿਰਪਾਓ ਨਾਲ ਸਨਮਾਨਿਤ ਕੀਤਾ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਵਲੋਂ ਇਨਾਮਾਂ ਲਈ ਸੱਤ ਹਜ਼ਾਰ ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ । ਗੁਰਬਾਣੀ ਕੰਠ ਮੁਕਾਬਲੇ ਵਿਚ ਜਜਮੈਂਟ ਦੀਆਂ ਸੇਵਾਵਾਂ ਭਾਈ ਭਗਵਾਨ ਸਿੰਘ ਇੰਚਾਰਜ ਸਿੱਖ ਮਿਸ਼ਨਰੀ ਕਾਲਜ ਸਰਕਲ ਭਿੱਖੀਵਿੰਡ , ਭਾਈ ਮਨਦੀਪ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਕਵੀਸ਼ਰੀ ਮੁਕਾਬਲੇ ’ਚ ਭਾਈ ਸੁਖਵਿੰਦਰ ਸਿੰਘ ਖਾਲੜਾ ਵਲੋਂ ਨਿਭਾਈ ਗਈ । ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ , ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ ਵਲੋਂ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ’ਚ ਸਹਿਯੋਗ ਕਰਨ ਵਾਲੀਆਂ ਤਮਾਮ ਸ਼ਖਸ਼ੀਅਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਹਰਜਿੰਦਰ ਸਿੰਘ ਗੋਲਣ, ਅਜੀਤ ਸਿੰਘ ਘਰਿਆਲਾ, ਗੁਰਪ੍ਰੀਤ ਸਿੰਘ , ਵਜ਼ੀਰ ਸਿੰਘ ਹਾਸਲ, ਦਿਲਬਾਗ ਸਿੰਘ ਡੱਲ, ਗੁਰਮੀਤ ਸਿੰਘ ਮਾਲੂਵਾਲ, ਆਕਾਸ਼ਦੀਪ ਸਿੰਘ ਪੱਟੀ, ਬਖਸ਼ਿੰਦਰ ਸਿੰਘ, ਕਮਲਜੀਤ ਕੌਰ ਅਤੇ ਇਲਾਕੇ ਦੀਆਂ ਬੇਅੰਤ ਸੰਗਤਾਂ ਹਾਜ਼ਰ ਸਨ ।
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਸਾਇਟੀ ਨੇ ਕਰਵਾਏ ਧਾਰਮਿਕ ਮੁਕਾਬਲੇ
ਅਜੀਤ ਡੈਸਕ
14-07-2026