ਤਰਨ ਤਾਰਨ, 15 ਜੁਲਾਈ (ਹਰਿੰਦਰ ਸਿੰਘ)—ਐੱਨ.ਐੱਚ.ਐੱਮ.ਅਧੀਨ ਕੰਮ ਕਰਦੀਆਂ ਕੰਟਰੈਕਟਰ ਮਲਟੀਪਰਪਜ ਹੈਲਥ ਵਰਕਰਾਂ ਵਲੋਂ ਟੀਕਾਕਰਨ ਦਾ ਬਾਈਕਾਟ ਕਰਕੇ ਸਿਵਲ ਸਰਜਨ ਦਫਤਰ ਤਰਨ ਤਾਰਨ ਅੱਗੇ ਧਰਨਾ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਮੌਕੇ ਵਰਕਰਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਹਾਈਕੋਰਟ ਵਲੋਂ ਕੰਟਰੈਕਟ ’ਤੇ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਫੀਮੇਲ ਵਰਕਰਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਹੁਕਮ ਜਾਰੀ ਕੀਤੇ ਗਏ ਸੀ, ਜੋ ਕਿ ਮਹਿਕਮੇ ਐੱਨ.ਆਰ.ਐੱਚ.ਐੱਮ. ਵਲੋਂ ਲਾਗੂ ਕਰ ਦਿੱਤੇ ਗਏ ਹਨ ਪਰ ਕੁਝ ਜ਼ਿਲ੍ਹਿਆਂ ਵਿਚ ਅਜੇ ਤੱਕ ਵੀ ਬਕਾਇਆ ਨਹੀਂ ਮਿਲਿਆ ਅਤੇ ਨਾ ਹੀ ਬਣਦੀ ਤਨਖਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ’ਤੇ ਅਕਾਊਟ ਅਫਸਰਾਂ ਵਲੋਂ ਸਾਡੇ ਪਹਿਲਾਂ ਤੋਂ ਮਿਲ ਰਹੇ ਵਰਦੀ ਭੱਤਾ ਤੇ ਟੂਰ ਭੱਤਾ ਵੀ ਕੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਾਡੀਆਂ ਤਨਖਾਹਾਂ ਆਈਆਂ ਹਨ ਤਾਂ ਪਤਾ ਲੱਗਾ ਹੈ ਕਿ ਜ਼ਿਲ੍ਹਾ ਪੱਧਰ ’ਤੇ ਅਕਾਊਟ ਅਫਸਰਾਂ ਵਲੋਂ ਵਰਦੀ ਭੱਤਾ ਤੇ ਟੂਰ ਭੱਤਾ ਕੱਟ ਕੇ ਇਸ ਮਹੀਨੇ ਦੀ ਤਨਖਾਹ ਪਾਈ ਗਈ ਹੈ। ਜਦੋਂ ਇਸ ਸੰਬੰਧੀ ਪੁੱਛਿਆ ਗਿਆ ਤਾਂ ਜਵਾਬ ਮਿਲਿਆ ਕਿ ਤੁਹਾਨੂੰ ਰੈਗੂਲਰ ਦੇ ਬਰਾਬਰ ਤਨਖਾਹ ਦੇ ਦਿੱਤੀ ਗਈ ਹੈ। ਇਸ ਕਰਕੇ ਇਹ ਭੱਤੇ ਕੱਟ ਲਏ ਹਨ। ਉਨ੍ਹਾਂ ਕਿਹਾ ਕਿ ਰੈਗੂਲਰ ਏ.ਐੱਨ.ਐੱਮ. ਨੂੰ ਐੱਚ.ਆਰ ਅਤੇ ਮੋਬਾਈਲ ਭੱਤਾ ਵੀ ਦਿੱਤਾ ਜਾਂਦਾ ਹੈ, ਜੋ ਕਿ ਸਾਨੂੰ ਨਹੀਂ ਦਿੱਤਾ ਗਿਆ। ਇਸ ਕਰਕੇ ਇਹ ਭੱਤੇ ਕੱਟਣੇ ਨਹੀਂ ਬਣਦੇ। ਇਸ ਮੌਕੇ ਸੁਖਬੀਰ ਕੌਰ, ਪ੍ਰਭਦੀਪ ਕੌਰ, ਰਾਜਵਿੰਦਰ ਕੌਰ, ਰਮਜੀਤ ਕੌਰ, ਰਣਜੀਤ ਕੌਰ, ਜਸਪ੍ਰੀਤ ਕੌਰ, ਪ੍ਰਦੀਪ ਕੌਰ, ਜਸਮੀਤ ਕੌਰ, ਰਾਜਵਿੰਦਰ ਕੌਰ, ਜਸਵਿੰਦਰ ਕੌਰ ਆਦਿ ਤੋਂ ਇਲਾਵਾ ਹੋਰ ਵਰਕਰਾਂ ਮੌਜੂਦ ਸਨ।