ਅਮਰਕੋਟ, 20 ਜੁਲਾਈ (ਭੱਟੀ)–ਜ਼ਿਲ੍ਹਾ ਸਿਖਿਆ ਅਫ਼ਸਰ ਤਰਨ ਤਾਰਨ (ਐਲੀਮੈਂਟਰੀ/ਸੈਕੰਡਰੀ) ਰਾਜੀਵ ਕੁਮਾਰ ਛਾਬੜਾ ਵਲੋਂ ਬਲਾਕ ਵਲਟੋਹਾ ’ਚ ਬਾਰਡਰ ਨਾਲ ਲੱਗਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਸਿੱਖਿਆ ਅਧਿਕਾਰੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਖੇਮਕਰਨ-1 ਸਰਕਾਰੀ ਪ੍ਰਾਇਮਰੀ ਸਕੂਲ ਖੇਮਕਰਨ-2, ਸਰਕਾਰੀ ਪ੍ਰਾਇਮਰੀ ਸਕੂਲ ਤੂਤ, ਸਰਕਾਰੀ ਪ੍ਰਾਇਮਰੀ ਸਕੂਲ ਬਹਿਰਵਾਲ, ਸਰਕਾਰੀ ਪ੍ਰਾਇਮਰੀ ਸਕੂਲ ਰੱਤੋਕੇ ਗੁਰਦੁਆਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭਉਵਾਲ ਵਿਖੇ ਪਹੁੰਚ ਕੇ ਸਿੱਖਿਆ ਦੇ ਮਿਆਰ ਅਤੇ ਸਟਾਫ਼ ਹਾਜ਼ਰੀ ਦਾ ਮੁਆਇਨਾ ਕੀਤਾ। ਇਸ ਦੌਰਾਨ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਵਲਟੋਹਾ ਪਾਰਸ ਕੁਮਾਰ ਵੀ ਉਨ੍ਹਾਂ ਦੇ ਨਾਲ ਸਨ। ਡੀ.ਈ.ਓ ਰਾਜੀਵ ਕੁਮਾਰ ਛਾਬੜਾ ਵਲੋਂ ਜਮਾਤ ਤੀਸਰੀ ਤੋਂ ਪੰਜਵੀਂ ਤੱਕ ਮਿਸ਼ਨ ਸਮਰੱਥ ਦੀ ਐਂਡਲਾਈਨ ਟੈਸਟਿੰਗ ਅਤੇ ਇਸਨੂੰ ‘ਈ ਪੰਜਾਬ’ ਐਪ ‘ਤੇ ਅਪਲੋਡ ਕਰਨ ਸਬੰਧੀ ਜਾਂਚ ਕੀਤੀ ਗਈ। ਉਨ੍ਹਾਂ ਵਲੋਂ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਵਿਖੇ ਛੇਵੀਂ ਜਮਾਤ ਦੇ ਦਾਖ਼ਲਾ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਨ ਲਈ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਇਸ ਸਬੰਧੀ ਅਧਿਆਪਕਾਂ ਨੂੰ ਵੀ ਹੋਰ ਮਿਹਨਤ ਕਰਕੇ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ । ਰਾਜੀਵ ਕੁਮਾਰ ਛਾਬੜਾ ਨੇ ਇਸ ਮੌਕੇ ਕਿਹਾ ਕਿ ਜੁਲਾਈ ਮਹੀਨੇ ਤੋਂ ਹੁਣ ਸਾਰਾ ਦਿਨ ਸਿਲੇਬਸ ਅਨੁਸਾਰ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ ਅਤੇ ਕਮਜ਼ੋਰ ਵਿਦਿਆਰਥੀਆਂ ਦੀਆਂ ਵਿਸ਼ੇਸ਼ ਤੌਰ ‘ਤੇ ਰੀਮੀਡੀਅਲ ਟੀਚਿੰਗ ਜਮਾਤਾਂ ਦੁਆਰਾ ਗਣਿਤ, ਪੰਜਾਬੀ ਅਤੇ ਅੰਗਰੇਜ਼ੀ ਵਿਸ਼ੇ ਵਿਚ ਵੱਧ ਤੋਂ ਵੱਧ ਕੰਮ ਕਰਵਾਇਆ ਜਾਵੇਗਾ। ਇਸ ਦੌਰਾਨ ਉਹ ਵੱਖ-ਵੱਖ ਸਕੂਲਾਂ ਵਿੱਚ ਪਹੁੰਚ ਕੇ ਵਿਸ਼ੇਸ਼ ਤੌਰ ‘ਤੇ ਐਲ.ਕੇ.ਜੀ ਅਤੇ ਯੂ.ਕੇ.ਜੀ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨਾਲ ਮੁਖ਼ਾਤਿਬ ਹੋਏ ਅਤੇ ਉਨ੍ਹਾਂ ਨੂੰ ਖੇਡ-ਖੇਡ ਵਿਚ ਸਿੱਖਣਾ ਵਿਧੀ ਦੁਆਰਾ ਅੰਕਾਂ ਅਤੇ ਰੰਗਾਂ ਬਾਰੇ ਗਤੀਵਿਧੀਆਂ ਕਰਵਾਈਆਂ।