ਤਰਨ ਤਾਰਨ, 20 ਜੁਲਾਈ (ਹਰਿੰਦਰ ਸਿੰਘ)—ਪੁਲਿਸ ਮੁਲਾਜ਼ਮਾਂ ਦਾ ਮਨੋਬਲ ਵਧਾਉਣ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਐੱਸ.ਐੱਸ.ਪੀ. ਤਰਨ ਤਾਰਨ ਸੁਰਿੰਦਰ ਲਾਂਬਾ ਵਲੋਂ 31 ਪੁਲਿਸ ਮੁਲਾਜ਼ਮਾਂ ਨੂੰ ਕੁੱਲ ਚਾਰ ਲੱਖ 75 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਵਲੋਂ ਮੁਹੱਤਵਪੂਰਨ ਅਪਰਾਧਿਕ ਮਾਮਲਿਆਂ ਨੂੰ ਸਫਲਤਾਪੂਰਵਕ ਹੱਲ ਕੀਤਾ ਗਿਆ। ਉਨ੍ਹਾਂ ਕਿਹਾ ਕਿ 31 ਪੁਲਿਸ ਮੁਲਾਜ਼ਮਾਂ ਨੂੰ ਕੁੱਲ 4 ਲੱਖ 75 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਦੇ ਨਾਲ ਹੀ 31 ਡੀ.ਜੀ.ਪੀ. ਡਿਸਕ, 32 ਪ੍ਰਸ਼ੰਸਾਂ ਪੱਤਰ ਸ਼੍ਰੇਣੀ- 1, 3 ਪ੍ਰਸ਼ੰਸਾਂ ਪੱਤਰ ਸ਼੍ਰੇਣੀ-2 ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਰਨ ਤਾਰਨ ਪੁਲਿਸ ਆਪਣੇ ਹਰ ਜਵਾਨ ਦੇ ਸਮਰਪਣ, ਮਿਹਨਤ ਅਤੇ ਬਹਾਦਰੀ ਨੂੰ ਸਲਾਮ ਕਰਦੀ ਹੈ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਬਹਾਦਰ ਜਵਾਨ ਲੋਕਾਂ ਦੀ ਸੇਵਾ ਵਿਚ 24 ਘੰਟੇ ਹਾਜ਼ਰ ਹੈ ਅਤੇ ਆਪਣੀ ਡਿਊਟੀ ਨੂੰ ਸਮਰਪਿਤ ਹਨ। ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਤਰਨ ਤਾਰਨ ਪੁਲਿਸ ਵਲੋ ਗੈੰਗਸਟਰਾਂ, ਨਸ਼ਿਆ, ਗੁੰਡਾਗਰਦੀ ਖਿਲਾਫ ਸਖ਼ਤ ਮੁਹਿੰਮ ਚਲਾਈ ਹੋਈ ਹੈ, ਜਿਸਦੇ ਸਾਰਥਿਕ ਸਿੱਟੇ ਨਿਕਲ ਰਹੇ ਹਨ ਅਤੇ ਅਪਰਾਧੀਆ ਨੂੰ ਕਾਬੂ ਕਰਕੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ । ਇਸ ਮੌਕੇ ਐੱਸ.ਪੀ.(ਡੀ) ਰਿਪੁਤਪਨ ਸਿੰਘ, ਐੱਸ.ਪੀ. ਹੈਡਕੁਆਟਰ ਮਨਿੰਦਰ ਸਿੰਘ, ਡੀ.ਐੱਸ.ਪੀ. ਜਸਪਾਲ ਸਿੰਘ, ਐੱਸ.ਐੱਚ.ਓ. ਗੁਰਚਰਨ ਸਿੰਘ, ਐੱਸ.ਐੱਚ.ਓ. ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਅਤੇ ਜਵਾਨ ਵੀ ਮੌਜੂਦ ਸਨ ।