ਪੱਟੀ, 20 ਜੁਲਾਈ (ਅਵਤਾਰ ਸਿੰਘ ਖਹਿਰਾ)–ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸਾਲ 2016 ਵਿਚ ਪੱਟੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਚ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਅਕਾਲੀ-ਭਾਜਪਾ ਸਰਕਾਰ ਦੌਰਾਨ ਤਤਕਾਲੀਨ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਸਦੀ ਉਸਾਰੀ ਦੀ ਜ਼ਿੰਮੇਵਾਰੀ ਪੰਜਾਬ ਰਾਜ ਮੰਡੀ ਬੋਰਡ ਨੂੰ ਸੌਂਪੀ ਗਈ। ਪਰ ਲਗਪਗ ਇਕ ਦਹਾਕਾ ਬੀਤ ਜਾਣ ਦੇ ਬਾਵਜੂਦ ਇਹ ਪ੍ਰਾਜੈਕਟ ਅਧੂਰਾ ਹੀ ਪਿਆ ਹੈ ਅਤੇ ਸਟੇਡੀਅਮ ਅੱਜ ਵੀ ਲਾਵਾਰਸ ਹਾਲਤ ਵਿਚ ਖੜ੍ਹਾ ਹੈ। ਪ੍ਰਾਜੈਕਟ ਤਹਿਤ 400 ਮੀਟਰ ਦਾ ਸਿੰਥੈਟਿਕ ਅਥਲੈਟਿਕ ਟਰੈਕ, ਹਾਕੀ, ਫੁੱਟਬਾਲ, ਬਾਸਕਟਬਾਲ ਅਤੇ ਹੋਰ ਖੇਡਾਂ ਲਈ ਆਧੁਨਿਕ ਮੈਦਾਨ ਤਿਆਰ ਕੀਤੇ ਜਾਣੇ ਸਨ ਪਰ 2017 ਵਿਚ ਸਰਕਾਰ ਬਦਲਣ ਤੋਂ ਬਾਅਦ ਇਹ ਕੰਮ ਰਫ਼ਤਾਰ ਨਹੀਂ ਫੜ ਸਕਿਆ। ਕਾਂਗਰਸ ਸਰਕਾਰ ਦੇ ਸਮੇਂ ਤਤਕਾਲੀਨ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਇਸ ਨੂੰ ਮੁਕੰਮਲ ਕਰਵਾਉਣ ਦੇ ਯਤਨ ਕੀਤੇ ਗਏ, ਪਰ ਪ੍ਰਾਜੈਕਟ ਫਿਰ ਵੀ ਅਧੂਰਾ ਹੀ ਰਿਹਾ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਪਰ ਖੇਡ ਪ੍ਰੇਮੀਆਂ ਦਾ ਦੋਸ਼ ਹੈ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਇਸ ਸਟੇਡੀਅਮ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਅਧੂਰਾ ਨਿਰਮਾਣ ਹੋਣ ਕਾਰਨ ਸਟੇਡੀਅਮ ਦੀ ਜ਼ਿੰਮੇਵਾਰੀ ਨਾ ਤਾਂ ਖੇਡ ਵਿਭਾਗ ਨੂੰ ਸੌਂਪੀ ਗਈ ਅਤੇ ਨਾ ਹੀ ਨਗਰ ਕੌਂਸਲ ਪੱਟੀ ਦੇ ਹਵਾਲੇ ਕੀਤੀ ਗਈ। ਨਤੀਜੇ ਵਜੋਂ ਸਟੇਡੀਅਮ ਦੀ ਸਾਂਭ-ਸੰਭਾਲ ਲਈ ਕੋਈ ਵੀ ਵਿਭਾਗ ਜ਼ਿੰਮੇਵਾਰ ਨਹੀਂ ਹੈ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਹ ਸੰਪਤੀ ਹੌਲੀ-ਹੌਲੀ ਖੰਡਰ ਦਾ ਰੂਪ ਧਾਰਦੀ ਜਾ ਰਹੀ ਹੈ। ਸਟੇਡੀਅਮ ਦੀ ਮੌਜੂਦਾ ਹਾਲਤ ਖੇਡ ਪ੍ਰੇਮੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਚਾਰਦੀਵਾਰੀ ਨਾ ਹੋਣ ਕਾਰਨ ਅਵਾਰਾ ਪਸ਼ੂ ਅਤੇ ਕੁੱਤੇ ਹਰ ਵੇਲੇ ਮੈਦਾਨ ਵਿਚ ਘੁੰਮਦੇ ਰਹਿੰਦੇ ਹਨ। ਕਈ ਲੋਕ ਮੋਟਰਸਾਈਕਲਾਂ ਅਤੇ ਕਾਰਾਂ ਨਾਲ ਵੀ ਸਿੱਧੇ ਮੈਦਾਨ ਵਿਚ ਦਾਖਲ ਹੋ ਜਾਂਦੇ ਹਨ। ਇੱਥੇ ਨਾ ਕੋਈ ਕੋਚ ਤਾਇਨਾਤ ਹੈ, ਨਾ ਪੀਣ ਵਾਲੇ ਪਾਣੀ ਦੀ ਸਹੂਲਤ, ਨਾ ਰਾਤ ਸਮੇਂ ਰੌਸ਼ਨੀ ਦਾ ਪ੍ਰਬੰਧ ਅਤੇ ਨਾ ਹੀ ਸਾਫ਼-ਸਫ਼ਾਈ ਦੀ ਕੋਈ ਵਿਵਸਥਾ ਹੈ। ਸਟੇਡੀਅਮ ਵਿੱਚ ਬਣੇ ਵਾਸ਼ਰੂਮ ਵੀ ਬਿਨਾਂ ਦੇਖਭਾਲ ਦੇ ਪਏ ਹਨ ਅਤੇ ਖੇਡ ਪ੍ਰੇਮੀਆਂ ਦਾ ਦਾਅਵਾ ਹੈ ਕਿ ਇਹ ਅਸਮਾਜਿਕ ਅਨਸਰਾਂ ਦਾ ਟਿਕਾਣਾ ਬਣਦੇ ਜਾ ਰਹੇ ਹਨ। ਮੈਦਾਨ ਦੀ ਘਾਹ ਦੀ ਸਿੰਚਾਈ ਲਈ ਲਗਾਈ ਗਈ ਮੋਟਰ ਵੀ ਖ਼ਰਾਬ ਹੋ ਚੁੱਕੀ ਹੈ, ਜਿਸ ਕਾਰਨ ਘਾਹ ਦੀ ਸੰਭਾਲ ਨਹੀਂ ਹੋ ਰਹੀ। ਬਰਸਾਤ ਦੇ ਮੌਸਮ ਵਿਚ ਘਾਹ ਬਹੁਤ ਵੱਧ ਜਾਣ ਦੇ ਬਾਵਜੂਦ ਇਸ ਦੀ ਕਟਾਈ ਲਈ ਵੀ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਸਟੇਡੀਅਮ ਦੀ ਤਰਸਯੋਗ ਹਾਲਤ ਨੂੰ ਵੇਖਦਿਆਂ ਸਾਬਕਾ ਐੱਸ.ਡੀ.ਐਮ. ਰਣਜੀਤ ਸਿੰਘ, ਸਾਬਕਾ ਬੈਂਕ ਮੈਨੇਜਰ ਜਸਬੀਰ ਸਿੰਘ ਸੰਧੂ, ਵਜੀਰ ਸਿੰਘ ਪਾਰਸ, ਪ੍ਰਿਥੀਪਾਲ ਸਿੰਘ ਬੰਟੀ ਬਾਠ ਅਤੇ ਹੋਰ ਖੇਡ ਪ੍ਰੇਮੀਆਂ ਨੇ ਖੇਡ ਵਿਭਾਗ ਦੇ ਚੇਅਰਮੈਨ ਜਸਕਵਰ ਸਿੰਘ ਜੱਸੇ ਪੱਟੀ ਨਾਲ ਰਾਬਤਾ ਕਾਇਮ ਕੀਤਾ। ਖੇਡ ਪ੍ਰੇਮੀਆਂ ਅਨੁਸਾਰ ਚੇਅਰਮੈਨ ਵਲੋਂ ਤਿੰਨ ਵਾਰ ਸਟੇਡੀਅਮ ਦਾ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਜਲਦੀ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋ ਸਕੀ। ਖੇਡ ਪ੍ਰੇਮੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੱਤ ਕਰੋੜ ਰੁਪਏ ਦੇ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ, ਚਾਰਦੀਵਾਰੀ, ਕੋਚ, ਪੀਣ ਵਾਲਾ ਪਾਣੀ, ਲਾਈਟਾਂ, ਸਾਫ਼-ਸਫ਼ਾਈ, ਸਿੰਚਾਈ ਪ੍ਰਬੰਧ ਅਤੇ ਹੋਰ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਆਧੁਨਿਕ ਖੇਡ ਸਹੂਲਤਾਂ ਮਿਲਣਗੀਆਂ ਤਾਂ ਉਹ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਵਿਚ ਆਪਣਾ ਭਵਿੱਖ ਬਣਾ ਸਕਣਗੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਅਧੂਰੇ ਸੁਪਨੇ ਨੂੰ ਹਕੀਕਤ ਵਿਚ ਬਦਲਦਿਆਂ ਪੱਟੀ ਦੇ ਇਸ ਸਟੇਡੀਅਮ ਨੂੰ ਖਿਡਾਰੀਆਂ ਲਈ ਇੱਕ ਆਦਰਸ਼ ਖੇਡ ਕੇਂਦਰ ਵਜੋਂ ਵਿਕਸਤ ਕੀਤਾ ਜਾਵੇ।