ਤਰਨ ਤਾਰਨ, 20 ਜੁਲਾਈ (ਪਰਮਜੀਤ ਜੋਸ਼ੀ)-ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ) ਮੁਹਿੰਮ ਤਹਿਤ ਯੋਗ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਅਤੇ ਗਣਨਾ ਫਾਰਮਾਂ ਦੀ ਇਕੱਤਰਤਾ ਅਤੇ ਡਿਜੀਟਾਈਜ਼ੇਸ਼ਨ ਦੇ ਕੰਮ ਨੂੰ ਤੇਜ਼ ਕਰਨ ਲਈ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਗਏ, ਜਿਨ੍ਹਾਂ ਦਾ ਵੋਟਰਾਂ ਨੇ ਭਰਪੂਰ ਲਾਹਾ ਲਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਹੁਲ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇ। ਇਸ ਦੌਰਾਨ ਬੂਥ ਪੱਧਰੀ ਅਧਿਕਾਰੀ (ਬੀ.ਐੱਲ.ਓ) ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਮੌਜੂਦ ਰਹੇ ਅਤੇ ਵੋਟਰਾਂ ਨੂੰ ਗਣਨਾ ਫਾਰਮ ਤੇ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਵਾਉਣ ਅਤੇ ਡਿਜੀਟਾਈਜ਼ੇਸ਼ਨ ਸਬੰਧੀ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਲੱਗੇ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿਚ ਵੱਡੀ ਗਿਣਤੀ ਯੋਗ ਵੋਟਰਾਂ ਨੇ ਆਪਣੇ ਗਣਨਾ ਫਾਰਮ ਭਰ ਕੇ ਜਮ੍ਹਾ ਕਰਵਾਏ। ਜਿਨ੍ਹਾਂ ਬੂਥਾਂ ‘ਤੇ ਡਿਜੀਟਾਈਜ਼ੇਸ਼ਨ ਦਾ ਕੰਮ ਅਜੇ ਬਾਕੀ ਸੀ, ਉੱਥੇ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਅਤੇ ਇਕੱਤਰਤਾ ਦਾ ਕੰਮ ਤੇਜ਼ੀ ਨਾਲ ਕੀਤਾ ਗਿਆ, ਜਦਕਿ ਹੋਰਨਾਂ ਬੂਥਾਂ ’ਤੇ ਦਸਤਾਵੇਜ਼ਾਂ ਦੀ ਜਾਂਚ ਅਤੇ ਤਰੁੱਟੀਆਂ ਦੂਰ ਕਰਨ ਦਾ ਕੰਮ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਬਾਰੇ ਵੱਖ-ਵੱਖ ਮਾਧਿਅਮ ਰਾਹੀਂ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ ਸੀ, ਜਿਸ ਕਾਰਨ ਵੋਟਰਾਂ ਨੇ ਇਨ੍ਹਾਂ ਕੈਂਪਾਂ ਦਾ ਵਿਸ਼ੇਸ਼ ਲਾਹਾ ਲਿਆ। ਇਸ ਤੋਂ ਇਲਾਵਾ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਬੂਥ ਪੱਧਰੀ ਏਜੰਟਾਂ (ਬੀ.ਐੱਲ.ਏਜ਼) ਵਲੋਂ ਵੋਟਰਾਂ ਨੂੰ ਕੈਂਪਾਂ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਗਿਆ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਇਨ੍ਹਾਂ ਕੈਂਪਾਂ ਨੂੰ ਸਫਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਗਿਆ, ਜਿਸ ਸਦਕਾ ਸਬੰਧਤ ਏ.ਈ. ਆਰ.ਓਜ਼, ਨੋਡਲ ਅਫ਼ਸਰਾਂ, ਸੈਕਟਰ ਸੁਪਰਵਾਈਜ਼ਰਾਂ, ਬੀ.ਐਲ.ਓਜ਼ ਅਤੇ ਹੋਰਨਾਂ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਇਨ੍ਹਾਂ ਕੈਂਪਾਂ ਨੂੰ ਸਫਲ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਵਲੋਂ ਪਾਏ ਗਏ ਯੋਗਦਾਨ ਦੀ ਵੀ ਉਨ੍ਹਾਂ ਨੇ ਭਰਪੂਰ ਸ਼ਲਾਘਾ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਐੱਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਅਨੁਸਾਰ ਘਰ-ਘਰ ਸਰਵੇ ਅਤੇ ਗਣਨਾ ਫਾਰਮ ਇਕੱਤਰ ਕਰਨ ਦਾ ਕੰਮ ਹੁਣ 3 ਅਗਸਤ 2026 ਤੱਕ ਜਾਰੀ ਰਹੇਗਾ। ਉਨ੍ਹਾਂ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਜਮ੍ਹਾਂ ਨਹੀਂ ਕਰਵਾਇਆ ਤਾਂ ਉਹ ਆਪਣੇ ਬੀ.ਐਲ.ਓ. ਨਾਲ ਸੰਪਰਕ ਕਰਕੇ ਫਾਰਮ ਜਮ੍ਹਾਂ ਕਰਵਾਉਣ, ਤਾਂ ਜੋ ਕੋਈ ਵੀ ਯੋਗ ਵੋਟਰ, ਵੋਟਰ ਸੂਚੀ ਵਿਚ ਸ਼ਾਮਿਲ ਹੋਣ ਤੋਂ ਵਾਂਝਾ ਨਾ ਰਹੇ।