ਫਤਿਆਬਾਦ, 22 ਜੁਲਾਈ (ਹਰਵਿੰਦਰ ਸਿੰਘ ਧੂੰਦਾ)– ਕਸਬਾ ਫਤਿਆਬਾਦ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕਈ ਪਰਿਵਾਰਾਂ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਮੂਲੀਅਤ ਕੀਤੀ । ਇਹ ਸ਼ਮੂਲੀਅਤ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਦੇ ਪਤੀ ਯੂਥ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਦੀ ਅਗਵਾਈ ਹੇਠ ਕਰਵਾਈ ਗਈ । ਇਸ ਮੌਕੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਨਿੱਘਾ ਸਵਾਗਤ ਕਰਦਿਆਂ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ, ਪੰਜਾਬੀਅਤ ਅਤੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ । ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਹਰ ਪਰਿਵਾਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਸੰਗਠਨ ਵਿਚ ਬਣਦਾ ਸਥਾਨ ਦਿੱਤਾ ਜਾਵੇਗਾ। ਨਵੇਂ ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਅਤੇ ਲੋਕ ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਏ ਹਨ। ਇਸ ਮੌਕੇ ਐੱਸ.ਸੀ. ਵਿੰਗ ਦੇ ਪ੍ਰਧਾਨ ਕਸ਼ਮੀਰ ਸਿੰਘ ਤੇ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਪ੍ਰਿੰਸ ਨੇ ਨਵੀਂ ਸ਼ਮੂਲੀਅਤ ਕਰਨ ਵਾਲੇ ਸੁਖਚੈਨ ਸਿੰਘ ਸਾਬਕਾ ਮੈਂਬਰ, ਸੁਖਦੇਵ ਸਿੰਘ, ਕਾਬਲ ਸਿੰਘ, ਜਗਤਾਰ ਸਿੰਘ, ਸਾਬਕਾ ਫੌਜੀ ਵਜ਼ੀਰ ਸਿੰਘ , ਸਾਬਕਾ ਫੌਜੀ, ਅੰਗਰੇਜ਼ ਸਿੰਘ, ਜਸਵਿੰਦਰ ਸਿੰਘ, ਸੁਲੱਖਣ ਸਿੰਘ (ਮੁਹੱਲਾ ਚੰਡੀਗੜ੍ਹ), ਹਰਦੀਪ ਸਿੰਘ ਅਤੇ ਜੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਆਪਣੀ ਰਾਜਨੀਤਿਕ ਪਾਰਟੀ ਹੈ ਅਤੇ ਹਰ ਪੰਜਾਬੀ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਪੱਖ ਤੋਂ ਮਜ਼ਬੂਤ ਕਰਨ। ਇਸ ਮੌਕੇ ਜੰਗਸ਼ੇਰ ਸਿੰਘ ਟੋਨੀ, ਗੁਰ ਸਿੱਧੂ ਤੇ ਅਮ੍ਰਿਤਪਾਲ ਸਿੰਘ ਹਾਜ਼ਰ ਸਨ।