ਪੱਟੀ, 22 ਜੁਲਾਈ (ਅਵਤਾਰ ਸਿੰਘ, ਕੁਲਵਿੰਦਰਪਾਲ ਸਿੰਘ ਕਾਲੇਕੇ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅਮਰੀਕਾ ਭਾਰਤ ਟ੍ਰੇਡ ਸੰਧੀ ਵਿਰੁੱਧ ਪੱਟੀ ਨੇੜ੍ਹੇ ਭੱਗੂਪੁਰ ਟੋਲ ਪਲਾਜੇ ’ਤੇ ਕਿਸਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ। ਕਿਸਾਨਾਂ ਵਲੋਂ ਟੋਲ ਪਲਾਜ਼ਾ ਤਿੰਨ ਘੰਟਿਆਂ ਲਈ ਮੁਫ਼ਤ ਕਰਕੇ ਮੋਦੀ ਸਰਕਾਰ ਨੂੰ ਸੁਨੇਹਾ ਦਿੱਤਾ ਕਿ ਜੇਕਰ ਮੋਦੀ ਸਰਕਾਰ ਨੇ ਅਮਰੀਕਾ ਨਾਲ ਵਪਾਰਕ ਸੰਧੀ ਕੀਤੀ ਤਾਂ ਉਸ ਨੂੰ ਦੇਸ਼ ਦੇ ਕਿਸਾਨਾਂ ਦੇ ਵਿਰੋਧ ਦਾ ਵੱਡਾ ਸਾਹਮਣਾ ਕਰਨਾ ਪਵੇਗਾ। ਇਸ ਸਮਝੌਤੇ ਨਾਲ ਸਿਰਫ ਖੇਤੀ ਹੀ ਨਹੀਂ, ਸਗੋਂ ਹੋਰ ਕਾਰੋਬਾਰ ਵੀ ਤਬਾਹ ਹੋਣਗੇ।ਇਸ ਮੌਕੇ ਕਿਸਾਨ ਆਗੂਆਂ ਦਲਜੀਤ ਸਿੰਘ ਦਿਆਲਪੁਰਾ ਮਹਾਂਬੀਰ ਸਿੰਘ ਗਿੱਲ, ਸੋਹਣ ਸਿੰਘ ਸਭਰਾ, ਮੇਜਰ ਸਿੰਘ ਭੀਖੀਵਿੰਡ, ਗੁਰਸਾਹਿਬ ਸਿੰਘ ਡੱਲ, ਦਿਲਬਾਗ ਸਿੰਘ, ਮਨਪ੍ਰੀਤ ਸਿੰਘ ਪੰਨੂੰ, ਪ੍ਰਗਟ ਸਿੰਘ ਮਹਿਦੀਪੁਰ, ਕਰਮਜੀਤ ਸਿੰਘ ਗਦਾਈਕੇ, ਗੁਰਸਾਹਿਬ ਸਿੰਘ ਸੈਦੋਂ ਨੇ ਕਿਹਾ ਕਿ ਮੋਦੀ ਸਰਕਾਰ ਅਮਰੀਕਾ ਸਾਮਰਾਜ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਉਸ ਨੇ ਸਾਡੇ ਸਮੁੰਦਰੀ ਜਹਾਜ਼ ਦੇ ਤਿੰਨ ਮਲਾਹ ਵੀ ਐਵੇਂ ਮਾਰ ਦਿੱਤੇ, ਪਰ ਮੋਦੀ ਸਰਕਾਰ ਚੁੱਪ ਰਹੀ ਹੈ। ਅਮਰੀਕਾ ਸਾਮਰਾਜ ਨਾਲ ਸਮਝੌਤੇ ਤਹਿਤ ਸਾਡੀ ਕੋਈ ਬਰਾਬਰੀ ਨਹੀਂ ਬਣਦੀ। ਕਿਸਾਨ ਆਗੂਆਂ ਨੇ ਦਿੱਲੀ ਵਿਚ ਵਿਦਿਆਰਥੀਆਂ ਤੇ ਮੋਦੀ ਹਕੂਮਤ ਵਲੋਂ ਕੀਤੇ ਜ਼ੁਲਮ ਦੀ ਵੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਅੱਜ ਦੇਸ਼ ਦਾ ਵਿਦਿਆਰਥੀ ਤੇ ਬੇਰੁਜ਼ਗਾਰ ਨੌਜਵਾਨ ਵੀ ਜਾਗ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਲਾਠੀ, ਗੋਲੀ ਦੀ ਸਰਕਾਰ ਦਾ ਗ੍ਰਹਿ ਮੰਤਰੀ ਅਸਤੀਫਾ ਦੇਵੇ। 22 ਵਿਦਿਆਰਥੀ, ਜਿਨ੍ਹਾਂ ਦੀ ਜਾਨ ਚਲੀ ਗਈ, ਦੀ ਜਿੰਮੇਵਾਰੀ ਸਿਧੇ ਤੌਰ ’ਤੇ ਨਰਿੰਦਰ ਮੋਦੀ ਤੇ ਧਰਮਿੰਦਰ ਪ੍ਰਧਾਨ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਖੰਡ ਮਿੱਲ ਸੇਰੋਂ, ਜਿਸ ਦੀ ਮਾਲਕੀ ਪੁੱਡਾ ਦੇ ਨਾਂਅ ਕੀਤੀ ਗਈ ਹੈ, ਉਹ ਵਾਪਿਸ ਖੰਡ ਮਿੱਲ ਦੇ ਨਾਂਅ ਕਰਕੇ ਉਸ ਨੂੰ ਦੁਬਾਰਾ ਚਾਲੂ ਕੀਤਾ ਜਾਵੇ। ਇਸ ਮੌਕੇ ਮਾ. ਹਰਭਜਨ ਸਿੰਘ, ਰਣਜੀਤ ਸਿੰਘ ਬਹਾਦਰ ਨਗਰ, ਦਲੇਰ ਸਿੰਘ ਰਾਜੋਕੇ, ਕੁਲਦੀਪ ਸਿੰਘ ਗਿੱਲ, ਕੇਵਲ ਸਿੰਘ ਕੰਬੋਕੇ, ਪੂਰਨ ਸਿੰਘ ਮਾੜੀਮੇਘਾ, ਚਾਨਣ ਸਿੰਘ, ਕੁਲਦੀਪ ਸਿੰਘ ਚੂਸਲੇਵੜ੍ਹ, ਕਾਰਜ ਸਿੰਘ ਕੈਰੋਂ ਨੇ ਵੀ ਸੰਬੋਧਨ ਕੀਤਾ।