ਤਰਨ ਤਾਰਨ, 22 ਜੁਲਾਈ (ਇਕਬਾਲ ਸਿੰਘ ਸੋਢੀ)-ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਬੁੱਧਵਾਰ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਬੀ.ਜੇ.ਪੀ. ਪ੍ਰਧਾਨ ਦੇ ਦਫ਼ਤਰ ਅੱਗੇ ਕਿਸਾਨਾਂ ਨੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਯਾਦ ਰਹੇ ਕਿ ਸੰਯੁਕਤ ਕਿਸਾਨ ਮੋਰਚਾ ਅਮਰੀਕਾ ਭਾਰਤ ਟ੍ਰੇਡ ਸੰਧੀ ਵਿਰੁੱਧ ਬੀ.ਜੇ.ਪੀ. ਆਗੂਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰ ਰਿਹਾ ਹੈ। ਤਰਨ ਤਾਰਨ ਦੇ ਅੰਮ੍ਰਿਤਸਰ ਬਾਈਪਾਸ ਨੇੜੇ ਬੀ.ਜੇ.ਪੀ. ਦਫ਼ਤਰ ਅੱਗੇ ਪ੍ਰਦਰਸ਼ਨ ਕਰਦਿਆਂ ਕਿਸਾਨ ਆਗੂਆਂ ਹਰਜਿੰਦਰ ਸਿੰਘ ਟਾਂਡਾ, ਤਰਸੇਮ ਸਿੰਘ ਲੁਹਾਰ, ਬਲਕਾਰ ਸਿੰਘ ਵਲਟੋਹਾ, ਨਛੱਤਰ ਸਿੰਘ ਪੰਨੂੰ, ਪ੍ਰਗਟ ਸਿੰਘ ਜਾਮਾਰਾਏ, ਪ੍ਰਗਟ ਸਿੰਘ ਮਹਿਦੀਪੁਰ, ਭੁਪਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਦੇਸ਼ ਦੀ ਭਾਜਪਾ ਸਰਕਾਰ ਅਮਰੀਕਾ ਸਾਮਰਾਜ ਅੱਗੇ ਗੋਡੇ ਟੇਕ ਦਿੱਤੇ ਹਨ। ਅਮਰੀਕਾ ਦਾ ਰਾਸ਼ਟਰਪਤੀ ਮਿਸਟਰ ਟਰੰਪ ਰੋਜ਼ ਭਾਰਤ ਨੂੰ ਦਬਕੇ ਮਾਰ ਰਿਹਾ ਹੈ ਅਤੇ ਫਰੀ ਟਰੇਡ ਲਈ ਦਬਾਅ ਬਣਾ ਰਿਹਾ ਹੈ, ਪਰ ਮੋਦੀ ਹਕੂਮਤ ਬਿੱਲਕੁੱਲ ਚੁੱਪ ਬੈਠੀ ਹੈ। ਇਸ ਨਾਲ ਭਾਰਤ ਦੀ ਹਾਨੀ ਹੋ ਰਹੀ ਹੈ। ਦੇਸ਼ ਮੋਦੀ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਨਿਆਂ ਦੇਣ ਦੀ ਬਜਾਇ ਉਨ੍ਹਾਂ ’ਤੇ ਕੀਤੇ ਜ਼ਾਲਮਾਨਾ ਲਾਠੀਚਾਰਜ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦਾ ਸਿੱਖਿਆ ਮੰਤਰੀ ਅਸਤੀਫਾ ਦੇਵੇ। ਲਾਠੀਚਾਰਜ ਕਰਾਉਣ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਘੋਲ ਦੀ ਪੂਰਨ ਹਮਾਇਤ ਕੀਤੀ। ਭਗਵੰਤ ਮਾਨ ਸਰਕਾਰ ਵਲੋਂ ਨਵੇਂ ਸਿਰੇ ਲਿਆਂਦੀ ਲੈਂਡ ਪੂਲਿੰਗ ਨੀਤੀ ਦੀ ਜ਼ੋਰਦਾਰ ਨਿੰਦਾ ਕਰਦਿਆਂ ਮੰਗ ਕੀਤੀ ਕਿ ਭਗਵੰਤ ਸਰਕਾਰ ਇਹ ਲੈਂਡ ਪੂਲਿੰਗ ਨੀਤੀ ਪਹਿਲਾਂ ਵਾਂਗ ਵਾਪਸ ਲਵੇ, ਨਹੀਂ ਤਾਂ ਵੱਡੇ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਸਤਪਾਲ ਸਿੰਘ ਨੱਥੋਕੇ, ਸੁਖਬਾਜ ਸਿੰਘ ਸਿੱਧੂ, ਮਨਜੀਤ ਸਿੰਘ ਬੱਗੂ, ਜੱਸਾ ਸਿੰਘ ਕੱਦਗਿੱਲ, ਬਲਜੀਤ ਸਿੰਘ ਫਤਿਆਬਾਦ, ਮੇਹਰ ਸਿੰਘ ਸਖੀਰਾ, ਗੁਰਚਰਨ ਸਿੰਘ ਸਭਰਾ, ਕਾ. ਚਰਨ ਸਿੰਘ, ਸਰਬਜੀਤ ਸਿੰਘ, ਕੈਪਟਨ ਸਿੰਘ ਬਘਿਆੜੀ, ਅਮਰੀਕ ਸਿੰਘ ਸੇਰੋਂ ਸਮੇਤ ਕਈ ਆਗੂ ਹਾਜ਼ਰ ਸਨ।