ਝਬਾਲ, 22 ਜੁਲਾਈ (ਸੁਖਦੇਵ ਸਿੰਘ)- ਬੀਤੇ ਦਿਨੀਂ ਇਕ ਨੌਜਵਾਨ ਦੀ ਡੇਂਗੂ ਬੁਖਾਰ ਕਾਰਨ ਹੋਈ ਮੌਤ ਤੋਂ ਬਾਅਦ ਸਿਹਤ ਵਿਭਾਗ ਦੀ ਕੁੰਭਕਰਨੀ ਨੀਂਦ ਟੁੱਟੀ ਹੈ। ਮੌਤ ਦੀ ਖ਼ਬਰ ਫੈਲਦੇ ਹੀ ਵਿਭਾਗ ਦੀਆਂ ਟੀਮਾਂ ਹਰਕਤ ’ਚ ਆਈਆਂ ਅਤੇ ਗਲੀਆਂ ’ਚ ਫੌਗਿੰਗ ਕਰਵਾਈ ਗਈ। ਮ੍ਰਿਤਕ ਨੌਜਵਾਨ ਵਰਦਾਨ, ਜੋ ਕਿ ਅੱਡਾ ਝਬਾਲ ਦਾ ਵਸਨੀਕ ਸੀ ਅਤੇ ਪਿਛਲੇ ਦਿਨਾਂ ਤੋਂ ਬੁਖਾਰ ਤੋਂ ਪੀੜਤ ਸੀ। ਉਸ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਟੈਸਟ ਦੌਰਾਨ ਉਸ ’ਚ ਡੇਂਗੂ ਦੀ ਪੁਸ਼ਟੀ ਹੋਈ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੀ.ਪੀ.ਆਈ. ਦੇ ਜ਼ਿਲ੍ਹਾ ਆਗੂ ਕਾ. ਦਵਿੰਦਰ ਕੁਮਾਰ ਸੋਹਲ, ਕਾ. ਯਸ਼ਪਾਲ ਝਬਾਲ, ਕਿਸਾਨ ਆਗੂ ਬਾਬਾ ਬਲਜਿੰਦਰ ਸਿੰਘ ਕਾਲਾ ਅਤੇ ਕਾਮਰੇਡ ਜਗਤਾਰ ਸਿੰਘ ਨੇ ਦੋਸ਼ ਲਗਾਇਆ ਕਿ ਪਿਛਲੇ ਇਕ ਮਹੀਨੇ ਤੋਂ ਗਲੀਆਂ ’ਚ ਗੰਦਾ ਪਾਣੀ ਖੜ੍ਹਾ ਹੈ ਅਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਇੱਥੇ ਮੱਛਰਾਂ ਦੀ ਭਰਮਾਰ ਹੈ। ਕਈ ਵਾਰ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ, ਪਰ ਕੋਈ ਸੁਣਵਾਈ ਨਹੀਂ ਹੋਈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਹਿਲਾਂ ਹੀ ਫੌਗਿੰਗ ਅਤੇ ਸਫਾਈ ਦਾ ਧਿਆਨ ਰੱਖਿਆ ਜਾਂਦਾ ਤਾਂ ਅੱਜ ਇਕ ਨੌਜਵਾਨ ਦੀ ਜਾਨ ਨਾ ਜਾਂਦੀ। ਇਸ ਸੰਬੰਧੀ ਸੀਨੀਅਰ ਮੈਡੀਕਲ ਅਫ਼ਸਰ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੂ ਚੌਹਾਨ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਐਸ.ਆਈ. ਰਾਮ ਰਛਪਾਲ ਅਤੇ ਗੁਰਵਿੰਦਰ ਸਿੰਘ ਤੇ ਆਧਾਰਿਤ ਟੀਮਾਂ ਦਾ ਗਠਨ ਕਰਕੇ ਪ੍ਰਭਾਵਿਤ ਇਲਾਕੇ ’ਚ ਫੌਗਿੰਗ ਕਰਵਾਈ ਜਾ ਰਹੀ ਹੈ ਅਤੇ ਘਰ-ਘਰ ਜਾ ਕੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ।