ਝਬਾਲ, 29 ਜੁਲਾਈ (ਸੁਖਦੇਵ ਸਿੰਘ)-ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਰਿਆਣਾ ਦੇ ਪਾਣੀਪਤ ਤੋਂ ਪੈਦਲ ਯਾਤਰਾ ਤੇ ਨਿਕਲੇ ਸੁਨੀਲ ਰਠੌਰ ਝਬਾਲ ਵਿਖੇ ਪੁੱਜੇ। ਝਬਾਲ ਪੁੱਜਣ ’ਤੇ ਖਾਲੜਾ ਮਿਸ਼ਨ ਕਮੇਟੀ ਦੇ ਚੇਅ. ਬਲਵਿੰਦਰ ਸਿੰਘ ਝਬਾਲ ਵਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸੁਨੀਲ ਰਠੌਰ ਨੇ ਦੱਸਿਆ ਕਿ ਉਹ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫਿਲਮ ‘ਸਤਲੁਜ’ ਵੇਖ ਕੇ ਉਨ੍ਹਾਂ ਦੀ ਸ਼ਹਾਦਤ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ। ਉਸ ਨੇ ਕਿਹਾ ਫਿਲਮ ਵੇਖਣ ਤੋਂ ਬਾਅਦ ਹੀ ਮੈਂ ਮਨ ਬਣਾਇਆ ਕਿ ਸ਼ਹੀਦ ਖਾਲੜਾ ਦੇ ਜੱਦੀ ਪਿੰਡ ਖਾਲੜਾ ਵਿਖੇ ਪੈਦਲ ਜਾ ਕੇ ਸ਼ਰਧਾਂਜਲੀ ਭੇਟ ਕਰਾਂਗਾ। ਉਸ ਨੇ ਦੱਸਿਆ ਕਿ 12 ਜੁਲਾਈ ਨੂੰ ਉਸ ਨੇ ਹਰਿਆਣਾ ਦੇ ਪਾਣੀਪਤ (ਤਮਾਲੱਖਾ) ਤੋਂ ਪੈਦਲ ਯਾਤਰਾ ਸ਼ੁਰੂ ਕੀਤੀ। ਉਸ ਨੇ ਕਿਹਾ ਕਿ ਸ਼ਹੀਦ ਖਾਲੜਾ ਨੇ ਲਾਵਾਰਿਸ ਲਾਸ਼ਾਂ ਦੀ ਪਛਾਣ ਲਈ ਜੋ ਕਾਰਜ ਕੀਤਾ, ਉਹ ਇਤਿਹਾਸ ਵਿਚ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਨੇ ਕਿਹਾ ਕਿ ਪਾਣੀਪਤ ਤੋਂ ਇਕ ਹਿੰਦੂ ਭਰਾ ਵਲੋਂ ਸ਼ਹੀਦ ਖਾਲੜਾ ਨੂੰ ਸ਼ਰਧਾਂਜਲੀ ਦੇਣ ਲਈ ਪੈਦਲ ਯਾਤਰਾ ਕਰਨਾ ਇਹ ਸਾਬਿਤ ਕਰਦਾ ਹੈ ਕਿ ਸ਼ਹੀਦ ਖਾਲੜਾ ਕਿਸੇ ਇਕ ਧਰਮ ਦੇ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਸਾਂਝੇ ਸ਼ਹੀਦ ਸਨ। ਉਨ੍ਹਾਂ ਵਲੋਂ ਸੁਨੀਲ ਰਠੌਰ ਦੀ ਇਸ ਭਾਵਨਾ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਇੰਦਰਜੀਤ ਸਿੰਘ ਲਾਲੀ, ਗੁਰਪਿੰਦਰ ਸਿੰਘ ਨਾਥੂ, ਮਨਜਿੰਦਰ ਸਿੰਘ ਭੋਜੀਆ, ਮੁਹੱਬਤ ਸਿੰਘ ਮੰਨੂੰ ਆਦਿ ਹਾਜ਼ਰ ਸਨ।