ਤਰਨ ਤਾਰਨ, 29 ਜੁਲਾਈ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਜ਼ਿਲ੍ਹਾ ਤਰਨ ਤਾਰਨ ਦੇ ਕਿਸਾਨਾਂ ਦੇ ਸਰਬਪੱਖੀ ਵਿਕਾਸ ਪ੍ਰਤੀ ਦੂਰਅੰਦੇਸ਼ੀ ਸੋਚ ਅਤੇ ਯੋਗ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਖੁੰਬਾਂ ਦੀ ਕਾਸ਼ਤ ਸਬੰਧੀ ਸੋਲਨ (ਹਿਮਾਚਲ ਪ੍ਰਦੇਸ਼) ਵਿਖੇ ਜ਼ਿਲ੍ਹਾ ਤਰਨ ਤਾਰਨ ਦੇ ਕਿਸਾਨਾਂ ਦਾ 27 ਤੋਂ 31 ਜੁਲਾਈ ਤੱਕ ਅੰਤਰਰਾਜੀ ਦੌਰਾ ਕਰਵਾਇਆ ਜਾ ਰਿਹਾ ਹੈ। ਇਸ ਟੂਰ ਦੀ ਅਗਵਾਈ ਮੁੱਖ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਭੰਗੂ ਵਲੋਂ ਕੀਤੀ ਗਈ ਅਤੇ ਬੱਸ ਨੂੰ ਟੂਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਨੇ ਦੱਸਿਆ ਕਿ ਮੌਜੂਦਾ ਖੇਤੀਬਾੜੀ ਦੌਰ ਵਿਚ ਸਿਰਫ਼ ਰਿਵਾਇਤੀ ਫਸਲਾਂ ਤੱਕ ਸੀਮਤ ਰਹਿਣ ਦੀ ਬਜਾਇ, ਕਿਸਾਨਾਂ ਨੂੰ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਾਉਣ ਲਈ ਖੇਤੀ ਵਿਭਿੰਨਤਾ ਅਤੇ ਸਹਾਇਕ ਕਿੱਤਿਆਂ ਨੂੰ ਅਪਣਾਉਣਾ ਸਮੇਂ ਦੀ ਅਹਿਮ ਲੋੜ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਤਰਨ ਤਾਰਨ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇਹ ਵਿਸ਼ੇਸ਼ ਟੂਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਟੂਰ ਦੌਰਾਨ ਕਿਸਾਨ ਕੇ.ਵੀ.ਕੇ. ਸੋਲਨ, ਰਿਸਰਚ ਸੈਂਟਰ ਆਫ ਮਸ਼ਰੂਮ ਸੋਲਨ, ਵਾਈ .ਐਸ ਪਰਮਾਰ ਯੂਨੀਵਰਸਿਟੀ ਸੋਲਨ, ਅਗਾਂਹਵਧੂ ਕਿਸਾਨਾਂ ਦੇ ਫੀਲਡ ਤੇ ਵਿਜ਼ਿਟ ਅਤੇ ਆਰਗੈਨਿਕ ਖੇਤੀ ਬਾਰੇ ਸੁੱਚਜੀ ਜਾਣਕਾਰੀ ਹਾਸਲ ਕਰਨਗੇ। ਇਹ ਟੂਰ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ ਅਤੇ ਕਿਸਾਨ ਵੀਰ ਇਹ ਸਿਖਲਾਈ ਲੈ ਕੇ ਆਪਣਾ ਕਿੱਤਾ ਸ਼ੁਰੂ ਕਰ ਸਕਣਗੇ, ਜੋ ਕਿ ਕਿਸਾਨਾਂ ਦੇ ਭੌਤਿਕ ਅਤੇ ਵਿੱਤੀ ਵਿਕਾਸ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ।