ਤਰਨ ਤਾਰਨ, 30 ਜੁਲਾਈ (ਹਰਿੰਦਰ ਸਿੰਘ)-ਜ਼ਮੀਨੀ ਝਗੜੇ ਦੇ ਚੱਲਦਿਆਂ ਘਰ ਵਿਚ ਦਾਖ਼ਲ ਹੋ ਕੇ ਕੁੱਟਮਾਰ ਕਰਕੇ ਮਾਂ–ਪੁੱਤ ਨੂੰ ਜ਼ਖ਼ਮੀ ਕਰਨ ’ਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਵਲੋਂ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ. ਕੁਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬਲਵਿੰਦਰ ਕੌਰ ਪਤਨੀ ਸਰਦੂਲ ਸਿੰਘ ਵਾਸੀ ਮਰਗਿੰਦਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 21 ਜੁਲਾਈ 2026 ਸਮਾਂ ਕਰੀਬ 9:30 ਵਜੇ ਰਾਤ ਜਸਪ੍ਰੀਤ ਕੌਰ, ਜਿਸ ਦੇ ਹੱਥ ਵਿਚ ਫੱਟੀ ਲੱਕੜ, ਉਸ ਦੀ ਮਾਤਾ ਇੰਦਰਜੀਤ ਕੌਰ, ਭਰਾ ਵਿਜੈਪਾਲ ਸਿੰਘ ਅਤੇ ਪਿਤਾ ਅਜੈਪਾਲ ਸਿੰਘ ਸਾਰੇ ਹਮਸਲਾਹ ਹੋ ਕੇ ਉਨ੍ਹਾਂ ਦੇ ਘਰ ਆਏ ਅਤੇ ਜਸਪ੍ਰੀਤ ਕੌਰ ਨੇ ਘਰ ਦੇ ਮੁੱਖ ਦਰਵਾਜੇ ’ਤੇ ਧੱਕਾ ਮਾਰਿਆ ਤਾਂ ਉਕਤ ਵਿਅਕਤੀ ਜਬਰਦਸਤੀ ਉਨ੍ਹਾਂ ਦੇ ਘਰ ਦੇ ਅੰਦਰ ਵੜ ਆਏ ਤਾਂ ਉਨ੍ਹਾਂ ਵਿਚੋਂ ਵਿਜੈਪਾਲ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲਓ, ਅੱਜ ਇਨ੍ਹਾਂ ਨੂੰ ਜ਼ਮੀਨ ਵੇਚ ਕੇ ਉਸ ਦੀ ਭੈਣ ਨੂੰ ਪੈਸੇ ਨਾ ਦੇਣ ਦਾ ਸਬਕ ਸਿਖਾ ਦਿਓ ਅਤੇ ਉਕਤ ਸਾਰੇ ਉਨ੍ਹਾਂ ਨਾਲ ਗਾਲੀ ਗਲੋਚ ਅਤੇ ਰੌਲਾ ਰੱਪਾ ਪਾਉਣ ਲੱਗ ਪਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਜਸਪ੍ਰੀਤ ਕੌਰ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂ ਉਹ ਉਸ ਨਾਲ ਕੁੱਟਮਾਰ ਕਰਨ ਲੱਗ ਪਏ। ਰੌਲਾ ਸੁਣ ਕੇ ਉਸ ਦਾ ਲੜਕਾ ਜਸਮੀਤ ਸਿੰਘ ਕਮਰੇ ਤੋਂ ਬਾਹਰ ਆਇਆ ਤਾਂ ਜਸਪ੍ਰੀਤ ਕੌਰ ਦਾ ਭਰਾ ਵਿਜੈਪਾਲ ਸਿੰਘ ਅਤੇ ਪਿਤਾ ਅਜੈਪਾਲ ਸਿੰਘ ਨੇ ਉਸ ਦੇ ਲੜਕੇ ਜਸਮੀਤ ਸਿੰਘ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਜੇਕਰ ਤੁਸੀਂ ਆਪਣੀ ਜ਼ਮੀਨ ਵੇਚ ਕੇ ਪੈਸੇ ਜਸਪ੍ਰੀਤ ਕੌਰ ਨੂੰ ਨਾ ਦਿੱਤੇ ਤਾਂ ਤੁਹਾਡਾ ਹਸ਼ਰ ਮਾੜਾ ਹੋਵੇਗਾ ਅਤੇ ਧਮਕੀਆ ਦਿੰਦੇ ਉਨ੍ਹਾਂ ਦੇ ਘਰ ਦੀ ਫਰੋਲਾ–ਫਰਾਲੀ ਸ਼ੁਰੂ ਕਰ ਦਿੱਤੀ। ਮੇਰੇ ਵਲੋਂ ਰੌਲਾ ਪਇਆ ਤਾਂ ਉਕਤ ਵਿਅਕਤੀ ਮੌਕੇ ਤੋਂ ਭੱਜਣ ਸਮੇਂ ਆਪਣੇ ਨਾਲ ਘਰ ਦਾ ਕੁੱਝ ਕੀਮਤੀ ਸਾਮਾਨ ਵੀ ਨਾਲ ਲੈ ਗਏ। ਮੇਰੇ ਪਤੀ ਸਰਦੂਲ ਸਿੰਘ ਨੇ ਘਰ ਦਾ ਸਾਮਾਨ ਚੈੱਕ ਕੀਤਾ ਤਾਂ ਉਥੋਂ ਇਕ ਲੱਖ ਰੁਪਏ ਨਗਦੀ, 3.5 ਤੋਲੇ ਗਹਿਣੇ, ਜਿੰਨਾਂ ਵਿਚ ਇਕ ਚੈਨੀ 3 ਤੋਲੇ, ਵਾਲੀਆਂ ਲਗਪਗ ਅੱਧਾ ਤੋਲਾ, ਇਕ ਵਿਦੇਸ਼ੀ ਕੀਮਤੀ ਘੜੀ, ਉਸ ਦੇ ਲੜਕੇ ਦੇ ਜ਼ਰੂਰੀ ਦਸਤਾਵੇਜ, ਇਕ ਮੋਬਾਈਲ ਫੋਨ ਅਤੇ ਵਿਦੇਸ਼ੀ ਕੀਮਤੀ 3 ਐਨਕਾਂ ਗਾਇਬ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਜਸਪ੍ਰੀਤ ਕੌਰ ਉਨ੍ਹਾਂ ਦੀ ਜ਼ਮੀਨ ਵੇਚ ਕੇ ਵਿਦੇਸ਼ ਵਿਚ ਆਪਣਾ ਵੱਖਰਾ ਘਰ ਬਣਾਉਣਾ ਚਾਹੁੰਦੀ ਹੈ, ਜਿਸ ਸੰਬੰਧੀ ਅਸੀਂ ਉਨ੍ਹਾਂ ਨੂੰ ਰੋਕਦੇ ਸੀ। ਇਸ ਕਰਕੇ ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਜਬਰਦਸਤੀ ਦਾਖ਼ਲ ਹੋ ਕੇ ਮੇਰੀ ਅਤੇ ਮੇਰੇ ਲੜਕੇ ਦੀ ਕੁੱਟਮਾਰ ਕਰਕੇ ਸੱਟਾਂ ਲਾਈਆਂ ਅਤੇ ਸਾਡੇ ਘਰ ਤੋਂ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ। ਉਸ ਨੇ ਦੱਸਿਆ ਕਿ ਉਹ ਸਰਕਾਰੀ ਹਸਪਤਾਲ ਸੁਰ ਸਿੰਘ ਵਿਖੇ ਜ਼ੇਰੇ ਇਲਾਜ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰਦਿਆਂ ਥਾਣਾ ਭਿੱਖੀਵਿੰਡ ਵਿਖੇ ਜਸਪ੍ਰੀਤ ਕੌਰ ਪੁੱਤਰੀ ਅਜੈਪਾਲ ਸਿੰਘ, ਅਜੈਪਾਲ ਸਿੰਘ ਪੁੱਤਰ ਸੁੱਚਾ ਸਿੰਘ, ਇੰਦਰਜੀਤ ਕੌਰ ਪਤਨੀ ਅਜੈਪਾਲ ਸਿੰਘ ਅਤੇ ਵਿਜੈਪਾਲ ਸਿੰਘ ਪੁੱਤਰ ਅਜੈਪਾਲ ਸਿੰਘ ਸਾਰੇ ਵਾਸੀਆਨ ਪਿੰਡ ਭੁੱਲਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।