ਪੱਟੀ, 30 ਜੁਲਾਈ (ਕਾਲੇਕੇ, ਖਹਿਰਾ)—ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਵਿਅਕਤੀ ਉਪਰ ਕੜੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਮਾਮਲੇ ਵਿਚ 2 ਵਿਅਕਤੀਆਂ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਪੱਟੀ ਵਿਖੇ ਰਾਜ ਕੁਮਾਰ ਪੁੱਤਰ ਧਰਮਵੀਰ ਸ਼ਰਮਾ ਵਾਸੀ ਗੁਰੂ ਰਾਮਦਾਸ ਕਾਲੋਨੀ ਪੱਟੀ ਨੇ ਸ਼ਿਕਾਇਤ ਦਰਜਕਰਵਾਈ ਕਿ ਉਹ ਆਪਣੇ ਭਰਾ ਰਾਜੇਸ਼ ਕੁਮਾਰ ਨਾਲ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਬਾਜ਼ਾਰ ਤੋਂ ਘਰ ਵੱਲ ਜਾ ਰਿਹਾ ਸੀ ਤਾਂ ਜਦੋਂ ਉਹ ਬੱਸ ਅੱਡੇ ਨਜ਼ਦੀਕ ਪੁੱਜੇ ਤਾਂ ਗੌਰਵ ਪੁੱਤਰ ਅਮੀਰ ਚੰਦ ਅਤੇ ਅਜੇ ਸਮੇਤ 5 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੇ ਸਿਰ ਵਿਚ ਕੜੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਜ਼ਮੀਨ ’ਤੇ ਡਿੱਗ ਗਿਆ। ਉਸ ਤੋਂ ਬਾਅਦ ਉਕਤ ਵਿਅਕਤੀ ਉਸ ਨਾਲ ਕੁੱਟਮਾਰ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਉਸ ਦੇ ਭਰਾ ਰਜੇਸ਼ ਕੁਮਾਰ ਨੇ ਉਸ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਇਲਾਜ ਲਈ ਦਾਖਲ ਕਰਵਾਇਆ। ਜਾਂਚ ਅਧਿਕਾਰੀ ਏ.ਐੱਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।