ਮਠਿਆਈ ਦੇ ਰੇਟ ’ਤੇ ਗੱਤੇ ਦੇ ਡੱਬੇ ਵੇਚਣ ਦਾ ਮਾਮਲਾ, ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ
ਪੱਟੀ, 26 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਤਿਉਹਾਰਾਂ ਦੇ ਸੀਜ਼ਨ ਦੌਰਾਨ ਜਿੱਥੇ ਕੁਝ ਮਠਿਆਈ ਵਿਕਰੇਤਾਵਾਂ ਵਲੋਂ ਕਥਿਤ ਤੌਰ ’ਤੇ ਸਿੰਥੈਟਿਕ ਦੁੱਧ ਤੋਂ ਤਿਆਰ ਮਠਿਆਈਆਂ ਵੇਚੇ ਜਾਣ ਦੇ ਦੋਸ਼ ਲੱਗ ਰਹੇ ਹਨ, ਉੱਥੇ ਹੀ ਮਠਿਆਈਆਂ ਦੀ ਪੈਕਿੰਗ ਲਈ ਵਰਤੇ ਜਾਂਦੇ ਗੱਤੇ ਦੇ ਡੱਬਿਆਂ ਦੀ ਕੀਮਤ ਨੂੰ ਲੈ ਕੇ ਵੀ ਗ੍ਰਾਹਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਉਬੋਕੇ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਪੱਟੀ ਸ਼ਹਿਰ ਦੀ ਮਠਿਆਈ ਦੀ ਦੁਕਾਨ ਤੋਂ ਖਰੀਦੇ ਪਤੀਸੇ ਦੇ ਨਾਲ ਦਿੱਤੇ ਗਏ ਗੱਤੇ ਦੇ ਡੱਬਿਆਂ ਦਾ ਭਾਰ ਵੀ ਮਠਿਆਈ ਦੇ ਰੇਟ ’ਤੇ ਹੀ ਵਸੂਲ ਕੀਤਾ ਗਿਆ ।
ਪੱਟੀ, 26 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਤਿਉਹਾਰਾਂ ਦੇ ਸੀਜ਼ਨ ਦੌਰਾਨ ਜਿੱਥੇ ਕੁਝ ਮਠਿਆਈ ਵਿਕਰੇਤਾਵਾਂ ਵਲੋਂ ਕਥਿਤ ਤੌਰ ’ਤੇ ਸਿੰਥੈਟਿਕ ਦੁੱਧ ਤੋਂ ਤਿਆਰ ਮਠਿਆਈਆਂ ਵੇਚੇ ਜਾਣ ਦੇ ਦੋਸ਼ ਲੱਗ ਰਹੇ ਹਨ, ਉੱਥੇ ਹੀ ਮਠਿਆਈਆਂ ਦੀ ਪੈਕਿੰਗ ਲਈ ਵਰਤੇ ਜਾਂਦੇ ਗੱਤੇ ਦੇ ਡੱਬਿਆਂ ਦੀ ਕੀਮਤ ਨੂੰ ਲੈ ਕੇ ਵੀ ਗ੍ਰਾਹਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਉਬੋਕੇ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਪੱਟੀ ਸ਼ਹਿਰ ਦੀ ਮਠਿਆਈ ਦੀ ਦੁਕਾਨ ਤੋਂ ਖਰੀਦੇ ਪਤੀਸੇ ਦੇ ਨਾਲ ਦਿੱਤੇ ਗਏ ਗੱਤੇ ਦੇ ਡੱਬਿਆਂ ਦਾ ਭਾਰ ਵੀ ਮਠਿਆਈ ਦੇ ਰੇਟ ’ਤੇ ਹੀ ਵਸੂਲ ਕੀਤਾ ਗਿਆ । ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪੱਟੀ ਸ਼ਹਿਰ ਸਥਿਤ ਸ਼ਾਂਤੀ ਹਲਵਾਈ ਦੀ ਦੁਕਾਨ ਤੋਂ ਦੋ ਕਿੱਲੋ ਪਤੀਸਾ ਦੋ ਡੱਬਿਆਂ ਵਿਚ ਮੈਂ ਕੁਝ ਦਿਨ ਪਹਿਲਾਂ ਖਰੀਦਿਆ ਸੀ। ਘਰ ਪਹੁੰਚ ਕੇ ਜਦੋਂ ਮੈਂ ਪਤੀਸਾ ਜਿਸ ਗੱਤੇ ਦੇ ਡੱਬਿਆਂ ਵਿਚ ਪੈਕ ਕਰਕੇ ਦਿੱਤਾ ਗਿਆ ਸੀ, ਉਨ੍ਹਾਂ ਦਾ ਵੱਖਰਾ ਭਾਰ ਕੀਤਾ ਤਾਂ ਦੋ ਡੱਬਿਆਂ ਦਾ ਕੁੱਲ ਭਾਰ ਕਰੀਬ 300 ਗ੍ਰਾਮ ਨਿਕਲਿਆ । ਉਨ੍ਹਾਂ ਕਿਹਾ ਕਿ ਜੇਕਰ ਮਠਿਆਈ ਦਾ ਰੇਟ 640 ਰੁਪਏ ਪ੍ਰਤੀ ਕਿੱਲੋ ਹੈ ਤਾਂ ਗਾਹਕ ਤੋਂ ਗੱਤੇ ਦੇ ਡੱਬੇ ਦੇ ਭਾਰ ਦੀ ਕੀਮਤ ਵੀ ਉਸੇ ਰੇਟ ’ਤੇ ਵਸੂਲ ਹੋਣ ਕਾਰਨ ਉਸ ਨੂੰ ਅਸਲ ਵਿਚ ਦੋ ਕਿੱਲੋ ਮਠਿਆਈ ਦੀ ਬਜਾਇ ਘੱਟ ਮਾਤਰਾ ਵਿਚ ਮਠਿਆਈ ਮਿਲਦੀ ਹੈ ਤੇ ਗੱਤੇ ਵਾਲੇ ਡੱਬੇ ਨੂੰ ਵੀ ਮਠਿਆਈ ਦੇ ਰੇਟ ’ਤੇ ਵੇਚਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਮੈਂ ਫਿਰ ਜਦ ਅੱਜ ਸ਼ਾਂਤੀ ਹਲਵਾਈ ਦੀ ਦੁਕਾਨ ’ਤੇ ਦੋ ਡੱਬੇ ਪਤੀਸੇ ਦੇ ਲਏ ਤਾਂ ਦੁਕਾਨਦਾਰ ਨੇ ਫਿਰ ਡੱਬੇ ਸਮੇਤ ਪਤੀਸੇ ਦਾ ਰੇਟ ਲਗਾ ਦਿੱਤਾ। ਜਦ ਮੈਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੇਰੇ ਤੋਂ 40 ਰੁਪਏ ਪ੍ਰਤੀ ਡੱਬੇ ਦੇ ਵੱਖਰੇ ਲਏ ਤੇ 150 ਗ੍ਰਾਮ ਪਤੀਸਾ ਹੋਰ ਪ੍ਰਤੀ ਡੱਬੇ ਦੇ ਹਿਸਾਬ ਨਾਲ ਦਿੱਤਾ। ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਦੁਕਾਨਦਾਰ ਵਲੋਂ ਡੱਬਿਆਂ ’ਤੇ ਅੰਗਰੇਜ਼ੀ ਵਿਚ ਨੋਟ ਲਿਖਿਆ ਹੈ ਕਿ ਗਾਹਕ ਆਪਣੀ ਮਰਜ਼ੀ ਨਾਲ ਡੱਬਾ ਵੱਖਰੇ ਰੇਟ ’ਤੇ ਲੈ ਸਕਦਾ ਹੈ ਜਾਂ ਮਠਿਆਈ ਦੇ ਨਾਲ ਹੀ ਲੈ ਸਕਦਾ ਹੈ, ਪਰ ਗਾਹਕਾਂ ਨੂੰ ਮੌਕੇ ’ਤੇ ਸਪੱਸ਼ਟ ਤੌਰ ’ਤੇ ਇਹ ਜਾਣਕਾਰੀ ਨਹੀਂ ਦਿੱਤੀ ਜਾਂਦੀ ਕਿ ਉਹ ਡੱਬੇ ਦੀ ਕੀਮਤ ਵੱਖਰੇ ਤੌਰ ’ਤੇ ਅਦਾ ਕਰ ਸਕਦੇ ਹਨ। ਉਨ੍ਹਾਂ ਇਸ ਪ੍ਰਬੰਧ ਨੂੰ ਗਾਹਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲਾ ਤਰੀਕਾ ਕਰਾਰ ਦਿੱਤਾ। ਉਨ੍ਹਾਂ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਤਿਉਹਾਰਾਂ ਦੇ ਦਿਨਾਂ ਵਿਚ ਮਠਿਆਈਆਂ ਦੀ ਵਿਕਰੀ ਅਤੇ ਪੈਕਿੰਗ ਦੀ ਜਾਂਚ ਕੀਤੀ ਜਾਵੇ। ਇਸ ਸੰਬੰਧੀ ਜਦੋਂ ਸ਼ਾਂਤੀ ਹਲਵਾਈ ਦੀ ਦੁਕਾਨ ਦੇ ਡੱਬੇ ਤੋਂ ਫੋਨ ਨੰਬਰ ਲੈ ਕੇ ਦੁਕਾਨਦਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡੱਬੇ ਉੱਪਰ ਨੋਟ ਲਿਖਿਆ ਹੋਇਆ ਹੈ ਕਿ ਗ੍ਰਾਹਕ ਆਪਣੀ ਮਰਜ਼ੀ ਨਾਲ ਡੱਬੇ ਦੀ ਕੀਮਤ ਵੱਖਰੇ ਤੌਰ ’ਤੇ ਦੇ ਸਕਦਾ ਹੈ ਜਾਂ ਮਠਿਆਈ ਦੇ ਨਾਲ ਹੀ ਡੱਬਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਗ੍ਰਾਹਕ ਦੀ ਆਪਣੀ ਮਰਜ਼ੀ ’ਤੇ ਨਿਰਭਰ ਕਰਦਾ ਹੈ। ਨਾਪ-ਤੋਲ ਵਿਭਾਗ ਨੇ ਵੀ ਕਾਰਵਾਈ ਦਾ ਦਿੱਤਾ ਭਰੋਸਾ ਜਦੋਂ ਇਸ ਸੰਬੰਧੀ ਨਾਪ-ਤੋਲ ਵਿਭਾਗ ਦੇ ਇੰਸਪੈਕਟਰ ਭੁਪਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਇਸ ਸੰਬੰਧੀ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਵਿਭਾਗ ਵਲੋਂ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।