ਜਨਗਣਨਾ-2027 ਤਹਿਤ ਫੇਜ਼-2 ਦੇ ਕੰਮ ਲਈ ਚਾਰਜ ਅਫ਼ਸਰਾਂ ਦੀ ਟ੍ਰੇਨਿੰਗ ਸ਼ੁਰੂ
ਤਰਨ ਤਾਰਨ, 17 ਸਤੰਬਰ (ਪਰਮਜੀਤ ਜੋਸ਼ੀ)-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਨਗਣਨਾ-2027 ਤਹਿਤ ਦੂਸਰੇ ਫੇਜ਼ ਦੇ ਕੰਮ ਲਈ ਚਾਰਜ ਅਫ਼ਸਰਾਂ ਦੀ ਦੋ ਰੋਜ਼ਾ ਟ੍ਰੇਨਿੰਗ ਦਾ ਰਸਮੀ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਡਾ. ਆਦਿੱਤਿਆ ਸ਼ਰਮਾ ਵਲੋਂ ਕੀਤਾ।
ਤਰਨ ਤਾਰਨ, 17 ਸਤੰਬਰ (ਪਰਮਜੀਤ ਜੋਸ਼ੀ)-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਨਗਣਨਾ-2027 ਤਹਿਤ ਦੂਸਰੇ ਫੇਜ਼ ਦੇ ਕੰਮ ਲਈ ਚਾਰਜ ਅਫ਼ਸਰਾਂ ਦੀ ਦੋ ਰੋਜ਼ਾ ਟ੍ਰੇਨਿੰਗ ਦਾ ਰਸਮੀ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਡਾ. ਆਦਿੱਤਿਆ ਸ਼ਰਮਾ ਵਲੋਂ ਕੀਤਾ। ਟ੍ਰੇਨਿੰਗ ਪ੍ਰੋਗਰਾਮ ਵਿਚ ਜ਼ਿਲ੍ਹੇ ਦੇ ਸਮੂਹ ਤਹਿਸੀਲਦਾਰਾਂ ਤੇ ਨਗਰ ਪਾਲਿਕਾਵਾਂ ਦੇ ਕਾਰਜਸਾਧਕ ਅਫਸਰਾਂ ਅਤੇ ਉਨ੍ਹਾਂ ਦੇ ਤਕਨੀਕੀ ਸਹਾਇਕਾਂ ਸਮੇਤ ਸੈਂਸਜ਼ ਕਰਮਚਾਰੀਆਂ ਵਲੋਂ ਭਾਗ ਲਿਆ। ਇਸ ਮੌਕੇ ਸੰਬੰਧਿਤ ਅਧਿਕਾਰੀਆਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਉਣ ਲਈ ਜਨਗਨਣਾ ਵਿਭਾਗ ਪੰਜਾਬ ਵਲੋਂ ਤਾਇਨਾਤ ਜ਼ਿਲ੍ਹਾ ਕੋਅਰਡੀਨੇਟਰ ਹਿਤਾਂਸ਼ੂ ਤੇ ਉੱਪ ਅਰਥ ਤੇ ਅੰਕੜਾ ਸਲਾਹਕਾਰ ਤਰਨ ਤਾਰਨ ਡਾ. ਅਮਨਦੀਪ ਸਿੰਘ ਸੈਣੀ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਡਾ. ਆਦਿੱਤਿਆ ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿਚ ਜਨਗਨਣਾ ਦਾ ਦੂਜਾ ਫੇਜ਼ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗਾ ਅਤੇ ਰਵੀਜ਼ਨ ਫੇਜ਼ 5 ਜਨਵਰੀ 2027 ਤੋਂ 9 ਜਨਵਰੀ 2027 ਨੂੰ ਖ਼ਤਮ ਹੋਵੇਗਾ। ਉਨ੍ਹਾਂ ਦੱਸਿਆ ਕਿ 1 ਦਸਬੰਰ ਤੋਂ ਗਿਣਤੀਕਾਰ ਘਰ-ਘਰ ਜਾ ਕੇ ਡਾਟਾ ਇਕੱਤਰ ਕਰਨਗੇ, ਜਿਸ ਵਿਚ ਲਗਪਗ 40 ਸਵਾਲ ਪੁੱਛੇ ਜਾਣਗੇ ਅਤੇ ਇਹ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ 16 ਨਵੰਬਰ 2026 ਤੋ 30 ਨਵੰਬਰ 2026 ਤੱਕ ਸੈਲਫ ਇਨੂਮੀਰੇਸ਼ਨ ਲਈ ਪੋਰਟਲ ਸਮੂਹ ਨਾਗਰਿਕਾਂ ਲਈ ਖੁੱਲ੍ਹਾ ਰਹੇਗਾ, ਜਿਸ ਤਹਿਤ ਕੋਈ ਵੀ ਨਾਗਰਿਕ ਆਪਣੀ ਜਨਗਨਣਾ ਆਪ ਕਰ ਸਕੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਵੀ ਕੀਤੀ ਕਿ ਸਰਕਾਰ ਦੇ ਇਸ ਮਹੱਤਵਪੂਰਨ ਕੰਮ ਵਿਚ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਜਨਗਨਣਾ ਤਹਿਤ ਨਾਗਰਿਕਾਂ ਵਲੋਂ ਮੁਹੱਈਆ ਕਰਵਾਈ ਗਈ ਸੂਚਨਾ ਗੁਪਤ ਰੱਖੀ ਜਾਵੇਗੀ। ਇਸ ਲਈ ਸਹੀ ਅੰਕੜੇ ਹੀ ਗਿਣਤੀਕਾਰਾਂ ਨੂੰ ਦਿੱਤੇ ਜਾਣ। ਉਨ੍ਹਾਂ ਇਹ ਵੀ ਦੱਸਿਆ ਕਿ ਗਿਣਤੀਕਾਰਾਂ ਨੂੰ ਸਰਕਾਰ ਵਲੋਂ ਆਈ. ਡੀ. ਕਾਰਡ ਜਾਰੀ ਕੀਤਾ ਜਾਵੇਗਾ, ਜਿਸ ’ਤੇ ਕਿਊ.ਆਰ ਕੋਡ ਦਰਜ ਹੋਵੇਗਾ, ਜਿਸ ਤੋਂ ਕਿਸੇ ਵੀ ਨਾਗਰਿਕ ਨੂੰ ਗਿਣਤੀਕਾਰ ਦੀ ਪੂਰੀ ਡਿਟੇਲ ਮੁਹੱਈਆ ਹੋ ਸਕੇਗੀ।