ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 25 ਅਕਤੂਬਰ (ਹਰਿੰਦਰ ਸਿੰਘ)—ਤਰਨ ਤਾਰਨ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਵਲੋਂ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ ਪੰਜ ਵਿਅਕਤੀਆਂ ਤੋਂ ਇਲਾਵਾ ਹੋਰ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.
ਤਰਨ ਤਾਰਨ, 25 ਅਕਤੂਬਰ (ਹਰਿੰਦਰ ਸਿੰਘ)—ਤਰਨ ਤਾਰਨ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਵਲੋਂ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ ਪੰਜ ਵਿਅਕਤੀਆਂ ਤੋਂ ਇਲਾਵਾ ਹੋਰ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਝਬਾਲ ਦੇ ਏ.ਐਸ.ਆਈ. ਰਣਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਿੰਦਰ ਸਿੰਘ ਕਲੱਸਟਰ ਅਫ਼ਸਰ ਬਲਾਕ ਗੰਡੀਵਿੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਪ੍ਰਭਰੂਪ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਠੱਠੀ ਸੋਹਲ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ, ਜਿਸ ’ਤੇ ਪ੍ਰਭਰੂਪ ਸਿੰਘ ਦੇ ਖ਼ਿਲਾਫ਼ ਥਾਣਾ ਝਬਾਲ ਵਿਖੇ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ. ਲਖਬੀਰ ਸਿੰਘ ਨੇ ਹਰਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸੁਰ ਸਿੰਘ ਦੇ ਖ਼ਿਲਾਫ਼ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਕੱਚਾ ਪੱਕਾ ਦੇ ਏ.ਐਸ.ਆਈ. ਹਰਦੀਪ ਕੁਮਾਰ ਨੇ ਸੈਟੇਲਾਈਟ ਦੀ ਲੋਕੇਸ਼ਨ ਰਾਹੀਂ ਹਰਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਰਗਿੰਦਪੁਰਾ ਵਲੋਂ ਆਪਣੇ ਖ਼ੇਤਾਂ ਵਿਚ ਅੱਗ ਲਗਾਉਣ ’ਤੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਐਚ.ਸੀ. ਗੁਰਸ਼ਿੰਦਰ ਸਿੰਘ ਗਸ਼ਤ ਦੇ ਸੰਬੰਧ ਵਿਚ ਪੁਲਿਸ ਪਾਰਟੀ ਨਾਲ ਇਲਾਕੇ ਵਿਚ ਮੌਜੂਦ ਸਨ ਤਾਂ ਉਨ੍ਹਾਂ ਨੇ ਮੁਖ਼ਬਰ ਦੀ ਇਤਲਾਹ ’ਤੇ ਕਲਸੀਆਂ ਖੁਰਦ ਡਰੇਨ ਦੇ ਲਾਗੇ ਪਰਾਲੀ ਨੂੰ ਅੱਗ ਲੱਗੀ ਦੇਖੀ, ਜੋ ਕਿ ਹਵਾ ਨੂੰ ਦੂਸ਼ਿਤ ਕਰ ਰਹੀ ਸੀ। ਇਸ ਸੰਬੰਧੀ ਉਨ੍ਹਾਂ ਵਲੋਂ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਸਬ ਇੰਸਪੈਕਟਰ ਜੱਸਾ ਸਿੰਘ ਗਸ਼ਤ ਦੇ ਸੰਬੰਧ ਵਿਚ ਇਲਾਕੇ ਵਿਚ ਮੌਜੂਦ ਸਨ ਕਿ ਉਨ੍ਹਾਂ ਨੇ ਵਲਟੋਹਾ ਤੋਂ ਆਸਲ ਰੋਡ ਨਜ਼ਦੀਕ ਕਿਸੇ ਅਣਪਛਾਤੇ ਕਿਸਾਨ ਵਲੋਂ ਖ਼ੇਤਾਂ ਵਿਚ ਅੱਗ ਲਗਾਈ ਹੋਈ ਦੇਖੀ, ਜਿਸ ’ਤੇ ਥਾਣਾ ਵਲਟੋਹਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਗੋਇੰਦਵਾਲ ਸਾਹਿਬ ਦੇ ਸਬ ਇੰਸਪੈਕਟਰ ਨਿਸ਼ਾਨ ਸਿੰਘ ਗਸ਼ਤ ਦੇ ਸੰਬੰਧ ਵਿਚ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਜਾ ਰਹੇ ਸਨ ਕਿ ਉਨ੍ਹਾਂ ਨੇ ਸੂਏ ਦੇ ਨਾਲ ਖ਼ੇਤਾਂ ਵਿਚ ਕਿਸੇ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੋਈ ਦੇਖੀ, ਜੋ ਪਤਾ ਕਰਨ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਅੱਗ ਮਿਲਖਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਖਡੂਰ ਸਾਹਿਬ ਨੇ ਲਗਾਈ ਹੋਈ ਹੈ, ਜਿਸ ਦੇ ਖ਼ਿਲਾਫ਼ ਥਾਣਾ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਚੋਹਲਾ ਸਾਹਿਬ ਦੇ ਏ.ਐਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰਦੀਪ ਸਿੰਘ ਕਲਸਟਰ ਅਫ਼ਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਪ੍ਰਗਟ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਚੋਹਲਾ ਸਾਹਿਬ ਨੇ ਆਪਣੇ ਖ਼ੇਤਾਂ ਵਿਚ ਅੱਗ ਲਗਾਈ ਹੋਈ ਹੈ। ਇਸ ਸ਼ਿਕਾਇਤ ਦੇ ਅਧਾਰ ’ਤੇ ਥਾਣਾ ਚੋਹਲਾ ਸਾਹਿਬ ਵਿਖੇ ਪ੍ਰਗਟ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।