ਸਾਂਡਪੁਰਾ ਵਿਚ ਸਕੂਲ ਦੇ ਕਮਰੇ, ਚਾਰਦੀਵਾਰੀ ਤੇ ਪੰਚਾਇਤ ਘਰ ਢਾਹੁਣ ਦਾ ਮਾਮਲਾ ਭਖਿਆ
ਭਿੱਖੀਵਿੰਡ, 25 ਅਕਤੂਬਰ (ਬੌਬੀ)-ਭਿੱਖੀਵਿੰਡ ਨੇੜ੍ਹਲੇ ਪਿੰਡ ਸਾਂਡਪੁਰਾ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਕਮਰੇ ਅਤੇ ਚਾਰਦੀਵਾਰੀ ਢਾਹੁਣ ਅਤੇ ਪੰਚਾਇਤ ਘਰ ਦੇ ਮਲ੍ਹਬੇ ਦੀ ਕਥਿਤ ਦੁਰਵਰਤੋਂ ਦੇ ਦੋਸ਼ਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਗੁਰਮੁਖ ਸਿੰਘ ਨੇ ਇਨ੍ਹਾਂ ਕੰਮਾਂ ਵਿਚ ਬੇਨਿਯਮੀਆਂ ਹੋਣ ਦਾ ਦੋਸ਼ ਲਾਉਂਦਿਆਂ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਭਿੱਖੀਵਿੰਡ, 25 ਅਕਤੂਬਰ (ਬੌਬੀ)-ਭਿੱਖੀਵਿੰਡ ਨੇੜ੍ਹਲੇ ਪਿੰਡ ਸਾਂਡਪੁਰਾ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਕਮਰੇ ਅਤੇ ਚਾਰਦੀਵਾਰੀ ਢਾਹੁਣ ਅਤੇ ਪੰਚਾਇਤ ਘਰ ਦੇ ਮਲ੍ਹਬੇ ਦੀ ਕਥਿਤ ਦੁਰਵਰਤੋਂ ਦੇ ਦੋਸ਼ਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਗੁਰਮੁਖ ਸਿੰਘ ਨੇ ਇਨ੍ਹਾਂ ਕੰਮਾਂ ਵਿਚ ਬੇਨਿਯਮੀਆਂ ਹੋਣ ਦਾ ਦੋਸ਼ ਲਾਉਂਦਿਆਂ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮੌਜੂਦਾ ਸਰਪੰਚ ਦੇ ਪੁੱਤਰ ਪਲਵਿੰਦਰ ਸਿੰਘ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਪਿੰਡ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਸਾਬਕਾ ਸਰਪੰਚ ਗੁਰਮੁਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਕੂਲ ਦੇ ਖੇਡ ਮੈਦਾਨ ਅਤੇ ਚਾਰਦੀਵਾਰੀ ਦੀ ਉਸਾਰੀ ਕਰਵਾਈ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਛੱਪੜ ਦੀ ਸਫ਼ਾਈ ਅਤੇ ਖੁਦਾਈ ਦੇ ਨਾਂਅ ’ਤੇ ਸਕੂਲ ਦੀ ਚਾਰਦੀਵਾਰੀ ਢਾਹ ਦਿੱਤੀ ਗਈ ਅਤੇ ਇਸ ਦੀਆਂ ਇੱਟਾਂ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ। ਉਨ੍ਹਾਂ ਮੁਤਾਬਿਕ ਸਕੂਲ ਦੇ ਚੰਗੀ ਹਾਲਤ ਵਾਲੇ ਦੋ ਕਮਰੇ ਵੀ ਕਥਿਤ ਤੌਰ ’ਤੇ ਸਕੂਲ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਢਾਹੇ ਗਏ ਹਨ। ਇਸ ਤੋਂ ਇਲਾਵਾ ਪੰਚਾਇਤ ਘਰ ਨੂੰ ਢਾਹ ਕੇ ਉਸ ਦੇ ਮਲ੍ਹਬੇ ਦੀ ਵੀ ਕਥਿਤ ਤੌਰ ’ਤੇ ਦੁਰਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਲਈ ਸੰਬੰਧਿਤ ਪੰਚਾਇਤੀ ਰਾਜ ਅਧਿਕਾਰੀਆਂ ਤੋਂ ਲੋੜੀਂਦੀ ਪ੍ਰਵਾਨਗੀ ਨਹੀਂ ਲਈ ਗਈ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਵਿਚ ਆਂਗਣਵਾੜੀ ਕੇਂਦਰ ਲਈ ਬਣਾਏ ਜਾ ਰਹੇ ਕਮਰੇ ਪਿਛਲੇ ਇਕ ਸਾਲ ਤੋਂ ਅਧੂਰੇ ਪਏ ਹਨ। ਇਸ ਦੇ ਨਾਲ ਹੀ ਉਨ੍ਹਾਂ ਸਕੂਲ ਦੇ ਨਵੇਂ ਕਮਰਿਆਂ ਦੀ ਉਸਾਰੀ ਵਿਚ ਵਰਤੀਆਂ ਜਾ ਰਹੀਆਂ ਇੱਟਾਂ ਦੀ ਗੁਣਵੱਤਾ ’ਤੇ ਵੀ ਸਵਾਲ ਉਠਾਏ। ਸਾਬਕਾ ਸਰਪੰਚ ਨੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਸਿੱਖਿਆ ਅਧਿਕਾਰੀ, ਐਸ.ਡੀ.ਐਮ. ਭਿੱਖੀਵਿੰਡ ਅਤੇ ਬੀ.ਡੀ.ਪੀ.ਓ. ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਬੀ.ਡੀ.ਪੀ.ਓ. ਭਿੱਖੀਵਿੰਡ ਨਿਸ਼ਾਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਵਿਚ ਚੱਲ ਰਹੇ ਇਨ੍ਹਾਂ ਕੰਮਾਂ ਬਾਰੇ ਜਾਣਕਾਰੀ ਨਹੀਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਪਿੰਡ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਕਰਨਗੇ ਅਤੇ ਤੱਥਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੰਚਾਇਤ ਸਕੱਤਰ ਪਰਮਜੀਤ ਕੌਰ ਨੇ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਵਲੋਂ ਚਾਰਦੀਵਾਰੀ ਜਾਂ ਪੰਚਾਇਤ ਘਰ ਢਾਹੁਣ ਸਬੰਧੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਬਾਰੇ ਬੀ.ਡੀ.ਪੀ.ਓ. ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉੱਧਰ ਮੌਜੂਦਾ ਸਰਪੰਚ ਦੇ ਪੁੱਤਰ ਪਲਵਿੰਦਰ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਛੱਪੜ ਦੀ ਖੁਦਾਈ ਕਰਵਾਈ ਗਈ ਹੈ ਅਤੇ ਚਾਰਦੀਵਾਰੀ ਦੀਆਂ ਇੱਟਾਂ ਇਕ ਪਾਸੇ ਸੰਭਾਲ ਕੇ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਘਰ ਨੂੰ ਨਵੇਂ ਸਿਰੇ ਤੋਂ ਬਣਾਉਣ ਦੇ ਮਕਸਦ ਨਾਲ ਢਾਹਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ । ਹੁਣ ਮਾਮਲੇ ਦੀ ਅਸਲ ਸਥਿਤੀ ਬੀ.ਡੀ.ਪੀ.ਓ. ਵਲੋਂ ਕੀਤੀ ਜਾਣ ਵਾਲੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।