31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੰਜਾਬ ਰੋਡਵੇਜ਼ ਪਨਬੱਸ ਦੇ ਡਰਾਈਵਰ ਤੇ ਕੰਡਕਟਰ ’ਤੇ ਜਾਨਲੇਵਾ ਹਮਲਾ, ਬੱਸ ਦੇ ਸ਼ੀਸ਼ੇ ਤੋੜੇ

ਪੱਟੀ, 30 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੱਟੀ ਸ਼ਹਿਰ ਵਿਚ ਪੰਜਾਬ ਰੋਡਵੇਜ਼ ਪਨਬੱਸ ਦੇ ਡਰਾਈਵਰ ਅਤੇ ਕੰਡਕਟਰ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਗੱਡੀਆਂ ਵਿਚ ਸਵਾਰ ਹੋ ਕੇ ਆਏ ਕਰੀਬ 8-9 ਵਿਅਕਤੀਆਂ ਨੇ ਬੱਸ ਮੁਲਾਜ਼ਮਾਂ ’ਤੇ ਪਿਸਤੌਲ ਤਾਣ ਕੇ ਰਾਡਾਂ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

Ad Position 21
No active advertisement
ਸਿਵਲ ਹਸਪਤਾਲ ਵਿਚ ਦਾਖਲ ਡਰਾਈਵਰ ਅਤੇ ਕੰਡਕਟਰ ਅਤੇ ਹਮਲਾਵਰਾਂ ਵਲੋਂ ਤੋੜੀ ਗਈ ਪੰਜਾਬ ਰੋਡਵੇਜ਼ ਪੱਟੀ ਦੀ ਪਨਬੱਸ। ਤਸਵੀਰ–ਕਾਲੇਕੇ 31-10-2026
ਪੱਟੀ, 30 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੱਟੀ ਸ਼ਹਿਰ ਵਿਚ ਪੰਜਾਬ ਰੋਡਵੇਜ਼ ਪਨਬੱਸ ਦੇ ਡਰਾਈਵਰ ਅਤੇ ਕੰਡਕਟਰ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਗੱਡੀਆਂ ਵਿਚ ਸਵਾਰ ਹੋ ਕੇ ਆਏ ਕਰੀਬ 8-9 ਵਿਅਕਤੀਆਂ ਨੇ ਬੱਸ ਮੁਲਾਜ਼ਮਾਂ ’ਤੇ ਪਿਸਤੌਲ ਤਾਣ ਕੇ ਰਾਡਾਂ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਡਰਾਈਵਰ ਗੁਰਬਿੰਦਰ ਸਿੰਘ ਅਤੇ ਕੰਡਕਟਰ ਲਖਬੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਹਮਲਾਵਰਾਂ ਨੇ ਬੱਸ ਦੇ ਸ਼ੀਸ਼ੇ ਵੀ ਤੋੜ ਦਿੱਤੇ। ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਇਲਾਜ ਅਧੀਨ ਡਰਾਈਵਰ ਗੁਰਬਿੰਦਰ ਸਿੰਘ ਅਤੇ ਕੰਡਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਪਨਬੱਸ ਦੀ ਬੱਸ ਨੰਬਰ ਪੀਬੀ-46-ਐਮ-8988 ’ਤੇ ਡਿਊਟੀ ਕਰ ਰਹੇ ਸਨ। ਬੱਸ ਹਰੀਕੇ ਤੋਂ ਪੱਟੀ ਵੱਲ ਆ ਰਹੀ ਸੀ। ਉਨ੍ਹਾਂ ਅਨੁਸਾਰ, ਬੱਸ ਸਟੈਂਡ ਦੇ ਬਾਹਰ ਇੱਕ ਕਾਰ ਰਸਤੇ ਵਿਚ ਖੜ੍ਹੀ ਹੋਣ ਕਾਰਨ ਆਵਾਜਾਈ ਜਾਮ ਹੋ ਗਈ ਸੀ। ਇਸ ਦੌਰਾਨ ਬੱਸ ਚਾਲਕ ਨੇ ਕਾਰ ਮਾਲਕ ਨੂੰ ਕਾਰ ਰਸਤੇ ਵਿੱਚੋਂ ਹਟਾਉਣ ਲਈ ਕਿਹਾ। ਕਾਰ ਮਾਲਕ ਵੱਲੋਂ ਕਾਰ ਇਕ ਪਾਸੇ ਕਰਨ ਤੋਂ ਬਾਅਦ ਬੱਸ ਵਿੱਚੋਂ ਸਵਾਰੀਆਂ ਨੂੰ ਉਤਾਰਿਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਵਾਪਸ ਜਾ ਰਹੇ ਸਨ ਅਤੇ ਬੱਸ ਦਾਣਾ ਮੰਡੀ ਦੇ ਰੇਲਵੇ ਫਾਟਕ ਨੇੜੇ ਪਹੁੰਚੀ ਤਾਂ ਫਾਟਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਉੱਥੇ ਰੁਕਣਾ ਪਿਆ। ਇਸੇ ਦੌਰਾਨ ਦੋ ਗੱਡੀਆਂ ਵਿਚ ਸਵਾਰ ਹੋ ਕੇ ਆਏ ਅੱਠ ਤੋਂ ਨੌਂ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਪੀੜਤਾਂ ਅਨੁਸਾਰ, ਹਮਲਾਵਰਾਂ ਨੇ ਉਨ੍ਹਾਂ ’ਤੇ ਪਿਸਤੌਲ ਤਾਣੀ ਅਤੇ ਰਾਡਾਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਹਮਲਾਵਰਾਂ ਨੇ ਬੱਸ ਦੇ ਸ਼ੀਸ਼ੇ ਵੀ ਤੋੜ ਦਿੱਤੇ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏਐੱਸਆਈ ਗੁਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਘਟਨਾ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਰੋਡਵੇਜ਼ ਪਨਬੱਸ ਪੱਟੀ ਡਿਪੂ ਦੇ ਪ੍ਰਧਾਨ ਵਜ਼ੀਰ ਸਿੰਘ ਅਤੇ ਹੋਰ ਮੁਲਾਜ਼ਮਾਂ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਮੁਲਜ਼ਮਾਂ ਵਿਰੁੱਧ ਜਲਦ ਤੋਂ ਜਲਦ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸ ਮੁਲਾਜ਼ਮਾਂ ’ਤੇ ਇਸ ਤਰ੍ਹਾਂ ਦਾ ਹਮਲਾ ਬੇਹੱਦ ਗੰਭੀਰ ਮਾਮਲਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਜ਼ਖ਼ਮੀ ਮੁਲਾਜ਼ਮਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਕਾਰਵਾਈ ਕਰਕੇ ਮੁਲਾਜ਼ਮਾਂ ਨੂੰ ਇਨਸਾਫ਼ ਨਾ ਦਿਵਾਇਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਲਾਸ਼ ਬੋਹੜ ਦੇ ਰੁੱਖ ’ਤੇ ਲਟਕਦੀ ਹੋਈ ਮਿਲੀ ਅਗਲੀ ਖ਼ਬਰ ਨਵ-ਜੰਮੇ ਬੱਚਿਆਂ ਦਾ ਰੱਖੋ ਖਾਸ ਖਿਆਲ - ਡਾ. ਸੁਪਿ੍ਯਾ ਰੰਧਾਵਾ
Ad Position 24