ਝੋਨੇ ਦੀ ਚੁਕਾਈ ਨਾ ਹੋਣ ਕਾਰਨ ਦਾਣਾ ਮੰਡੀ ਝਬਾਲ ਵਿਖੇ ਝੋਨੇ ਦੇ ਲੱਗੇ ਅੰਬਾਰ
ਝਬਾਲ, 2 ਨਵੰਬਰ (ਸੁਖਦੇਵ ਸਿੰਘ)–ਦਾਣਾ ਮੰਡੀ ਝਬਾਲ ਵਿਖੇ ਪਿਛਲੇ ਕਈ ਦਿਨਾਂ ਤੋਂ ਝੋਨੇ ਦੀ ਚੁਕਾਈ ਦਾ ਕੰਮ ਨਾ ਹੋਣ ਕਾਰਨ ਮੰਡੀ ’ਚ ਝੋਨੇ ਦੀਆਂ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗ ਗਏ ਹਨ। ਖਰੀਦ ਏਜੰਸੀਆਂ ਵਲੋਂ ਆਰ.
ਝਬਾਲ, 2 ਨਵੰਬਰ (ਸੁਖਦੇਵ ਸਿੰਘ)–ਦਾਣਾ ਮੰਡੀ ਝਬਾਲ ਵਿਖੇ ਪਿਛਲੇ ਕਈ ਦਿਨਾਂ ਤੋਂ ਝੋਨੇ ਦੀ ਚੁਕਾਈ ਦਾ ਕੰਮ ਨਾ ਹੋਣ ਕਾਰਨ ਮੰਡੀ ’ਚ ਝੋਨੇ ਦੀਆਂ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗ ਗਏ ਹਨ। ਖਰੀਦ ਏਜੰਸੀਆਂ ਵਲੋਂ ਆਰ.ਓ (ਰਿਲੀਜ਼ ਆਰਡਰ) ਜਾਰੀ ਨਾ ਕੀਤੇ ਜਾਣ ਕਾਰਨ ਟਰਾਂਸਪੋਰਟ ਦਾ ਕੰਮ ਪੂਰੀ ਤਰ੍ਹਾਂ ਰੁਕਿਆ ਹੋਇਆ ਹੈ, ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ’ਚ ਹੁਣ ਤੱਕ ਖਰੀਦਿਆ ਗਿਆ ਲੱਖਾਂ ਕੁਇੰਟਲ ਝੋਨਾ ਚੁਕਾਈ ਦੀ ਉਡੀਕ ’ਚ ਪਿਆ ਹੈ। ਰੋਜ਼ਾਨਾ ਮੰਡੀ ’ਚ ਨਵੀਂ ਫਸਲ ਦੀ ਆਮਦ ਜਾਰੀ ਹੈ, ਪਰ ਚੁਕਾਈ ਨਾ ਹੋਣ ਕਾਰਨ ਮੰਡੀ ਵਿਚ ਪੈਰ ਰੱਖਣ ਤੱਕ ਦੀ ਜਗ੍ਹਾ ਨਹੀਂ ਹੈ। ਇਸ ਸਬੰਧੀ ਦਾਣਾ ਮੰਡੀ ਝਬਾਲ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ਼ਰਨਜੀਤ ਸਿੰਘ ਭੋਜੀਆ ਸਮੇਤ ਅਹੁਦੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ’ਤੇ ਸੂਚਿਤ ਕੀਤਾ ਜਾ ਚੁੱਕਾ ਹੈ। ਏਜੰਸੀਆਂ ਵਲੋਂ ਮਾਲ ਤਾਂ ਖਰੀਦਿਆ ਜਾ ਰਿਹਾ ਹੈ ਪਰ ਅੱਗੇ ਸ਼ੈਲਰਾ ਲਈ ਆਰ.ਓ ਨਾ ਮਿਲਣ ਕਰਕੇ ਟਰੱਕਾਂ ਦੀ ਆਵਾਜਾਈ ਬੰਦ ਹੈ। ਆੜ੍ਹਤੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਮੰਡੀ ’ਚ ਖੁੱਲ੍ਹੇ ਪਏ ਝੋਨੇ ਅਤੇ ਬਾਰਦਾਨੇ ਦੀ ਮੀਂਹ ਜਾਂ ਕਿਸੇ ਹੋਰ ਕਾਰਨ ਕਰਕੇ ਖਰਾਬੀ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਆੜ੍ਹਤੀਆਂ ਦੀ ਨਹੀਂ ਹੋਵੇਗੀ। ਇਸ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਰ.ਓ ਦਾ ਮਾਮਲਾ ਖਰੀਦ ਏਜੰਸੀਆਂ ਦੇ ਉੱਚ ਅਧਿਕਾਰੀਆਂ ਦੇ ਧਿਆਨ ‘ਚ ਹੈ ਅਤੇ ਜਲਦ ਹੀ ਚੁਕਾਈ ਦਾ ਕੰਮ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰ ਵਿੱਕੀ ਕੋਟ, ਸ਼ਾਮ ਸਿੰਘ ਕੋਟ, ਸੁਖਰਾਜ ਸਿੰਘ ਝਬਾਲ, ਸਰਪੰਚ ਪ੍ਰਗਟ ਸਿੰਘ, ਅਜਮੇਰ ਸਿੰਘ, ਸੰਜੀਵ ਸੂਦ, ਲਾਲੀ ਨੰਦਾ, ਗੁਰਜੀਤ ਸਿੰਘ ਝਬਾਲ ਸਮੇਂਤ ਸਮੂਹ ਆੜ੍ਹਤੀਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਾਣਾ ਮੰਡੀ ਝਬਾਲ ’ਚ ਤੁਰੰਤ ਆਰ.ਓ ਜਾਰੀ ਕਰਕੇ ਚੁਕਾਈ ਦਾ ਕੰਮ ਸ਼ੁਰੂ ਕੀਤਾ ਜਾਵੇ।