ਲੁਧਿਆਣਾ, 1 ਜਨਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਦੇ ਵਿਕਾਸ ਨੰੂ ਲੈ ਕੇ ਕੀਤੇ ਜਾਂਦੇ ਦਾਅਵੇ ਜ਼ਮੀਨ 'ਤੇ ਸੱਚ ਸਾਬਤ ਨਹੀਂ ਹੋ ਰਹੇ | ਨਗਰ ਨਿਗਮ ਦੇ ਜ਼ੋਨ ਏ ਅਧੀਨ ਆਉਂਦੀ ਚਾਂਦ ਸਿਨੇਮਾ ਵਾਲੀ ਰੋਡ 'ਤੇ ਵਿਕਾਸ ਦੀ ਅਸਲ ਤਸਵੀਰ ਲੋਕਾਂ ਸਾਹਮਣੇ ਆ ਗਈ ਹੈ | ਇਸ ਸੜਕ 'ਤੇ ਕਈ ਦਿਨਾਂ ਤੋਂ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ | ਇਸ ਦੌਰਾਨ ਸੜਕ 'ਤੇ ਬਣੀਆਂ ਰੋਡ ਜਾਲੀਆਂ ਟੁੱਟੀਆਂ ਹੋਈਆਂ ਹਨ, ਜਿਨ੍ਹਾਂ ਦੀ ਮੁਰੰਮਤ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ | ਵੀਰਵਾਰ ਸਵੇਰੇ ਇਸ ਰਸਤੇ ਤੋਂ ਲੰਘ ਰਹੀ ਇਕ ਕਾਰ ਦਾ ਚੱਕਾ ਅਚਾਨਕ ਟੁੱਟੀ ਰੋਡ ਜਾਲੀ ਵਿਚ ਫਸ ਗਿਆ | ਮੌਕੇ 'ਤੇ ਮੌਜੂਦ ਲੋਕਾਂ ਨੇ ਮੁਸ਼ਕਿਲ ਨਾਲ ਕਾਰ ਨੰੂ ਬਾਹਰ ਕੱਢਿਆ | ਲੋਕਾਂ ਦਾ ਕਹਿਣਾ ਹੈ ਕਿ ਜੇ ਹਾਦਸੇ ਸਮੇਂ ਕਾਰ ਦੀ ਰਫ਼ਤਾਰ ਤੇਜ਼ ਹੁੰਦੀ ਤਾਂ ਕੋਈ ਵੱਡੀ ਅਣਹੋਈ ਵੀ ਵਾਪਰ ਸਕਦੀ ਸੀ | ਇਸ ਰੋਡ 'ਤੇ ਹੋਰ ਕਈ ਜਾਲੀਆਂ ਦੀ ਹਾਲਤ ਵੀ ਇਸੇ ਤਰ੍ਹਾਂ ਖ਼ਤਰਨਾਕ ਬਣੀ ਹੋਈ ਹੈ | ਉਧਰ ਬਰਸਾਤੀ ਪਾਣੀ ਦੀ ਨਿਕਾਸੀ ਦਾ ਮਾਮਲਾ ਵੀ ਗੰਭੀਰ ਬਣਿਆ ਹੋਇਆ ਹੈ | ਇਸੇ ਰੋਡ ਤੋਂ ਪੁਰਾਣੀ ਸਬਜ਼ੀ ਮੰਡੀ ਵੱਲ ਜਾਣ ਵਾਲੇ ਰਸਤੇ 'ਤੇ ਲੰਬੇ ਸਮੇਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ | ਵੀਰਵਾਰ ਸਵੇਰੇ ਹੋਈ ਬਰਸਾਤ ਕਾਰਨ ਇੱਥੇ ਪਾਣੀ ਇਕੱਠਾ ਹੋ ਗਿਆ, ਜਿਸ ਨਾਲ ਸੜਕ ਤਲਾਬ ਵਿਚ ਤਬਦੀਲ ਹੋ ਗਈ ਅਤੇ ਆਵਾਜਾਈ ਪ੍ਰਭਾਵਿਤ ਰਹੀ | ਇਸੇ ਤਰ੍ਹਾਂ ਬੱੁਢੇ ਨਾਲੇ ਦੇ ਕਿਨਾਰੇ ਚਾਂਦ ਸਿਨੇਮਾ ਤੋਂ ਬਸੰਤ ਨਗਰ ਤੱਕ ਲਗਦੀ ਸੜਕ 'ਤੇ ਵੀ ਹਰ ਬਰਸਾਤ ਨਾਲ ਪਾਣੀ ਖੜ੍ਹਾ ਹੋ ਜਾਂਦਾ ਹੈ | ਪਾਣੀ ਖੜ੍ਹਾ ਰਹਿਣ ਕਾਰਨ ਸੜਕ 'ਤੇ ਟੋਏ ਪੈ ਗਏ ਹਨ, ਜਿਸ ਨਾਲ ਦੋਪਹੀਆ ਤੇ ਚਾਰ ਪਹਿਆ ਵਾਹਨਾਂ ਲਈ ਰਸਤਾ ਹੋਰ ਵੀ ਖ਼ਤਰਨਾਕ ਬਣ ਗਿਆ ਹੈ | ਸਥਾਨਕ ਨਿਵਾਸੀਆਂ ਨੰੂ ਹਰ ਰੋਜ਼ ਇਸ ਰਸਤੇ ਤੋਂ ਲੰਘਦਿਆਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਥਾਨਕ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਮੰਗ ਕੀਤੀ ਕਿ ਟੁੱਟੀਆਂ ਰੋਡ ਜਾਲੀਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ | ਸੀਵਰੇਜ ਕੰਮ ਜਲਦੀ ਪੂਰਾ ਕੀਤਾ ਜਾਵੇ ਅਤੇ ਬਰਸਾਤੀ ਪਾਣੀ ਦੀ ਢੁਕਵੀਂ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ | ਲੋਕਾਂ ਦਾ ਸਵਾਲ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇਵੇਗਾ ਜਾਂ ਫਿਰ ਕੋਈ ਵੱਡਾ ਹਾਦਸਾ ਵਾਪਰਨ ਦੀ ਉਡੀਕ ਕੀਤੀ ਜਾਵੇਗੀ |