ਲੁਧਿਆਣਾ, 2 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ੱਕੀ ਹਾਲਾਤਾਂ 'ਚ 2 ਵਿਅਕਤੀਆਂ ਦੇ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸਥਾਨਕ ਰਾਮ ਨਗਰ ਵਿਚ ਤੇਜ਼ ਕੁਮਾਰ ਨਾਮੀ ਵਿਅਕਤੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ਦੀ ਉਮਰ 26 ਸਾਲ ਦੇ ਕਰੀਬ ਸੀ, ਉਸ ਦੇ ਦੋ ਬੱਚੇ ਸਨ | ਪੁਲਿਸ ਅਧਿਕਾਰੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ ਅਤੇ ਮਜ਼ਦੂਰੀ ਕਰਦਾ ਸੀ | ਪੁਲਿਸ ਨੇ ਹਾਲ ਦੀ ਘੜੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ | ਦੂਜੇ ਮਾਮਲੇ ਵਿਚ ਭਾਮੀਆਂ ਕਲਾਂ ਵਿਚ ਰਹਿੰਦੇ ਕਮਲ ਕੁਮਾਰ ਨਾਮੀ ਨੌਜਵਾਨ ਨੇ ਵੀ ਖੁਦਕੁਸ਼ੀ ਕਰ ਲਈ | ਮਿ੍ਤਕ ਦੀ ਉਮਰ 37 ਸਾਲ ਦੇ ਕਰੀਬ ਸੀ | ਪੁਲਿਸ ਵਲੋਂ ਇਸ ਮਾਮਲੇ ਵਿਚ ਵੀ ਜਾਂਚ ਕੀਤੀ ਜਾ ਰਹੀ ਹੈ |