ਕਾਂਗਰਸੀ ਕੌਂਸਲਰਾਂ ਦੇ ਵਾਰਡਾਂ 'ਚ ਬਦਲੀਆਂ ਨਾਲ ਸਫ਼ਾਈ ਪ੍ਰਬੰਧ ਚੌਪਟ
ਲੁਧਿਆਣਾ, 2 ਜਨਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸੱਤਾਧਾਰੀ ਆਗੂਆਂ ਦੇ ਦਬਾਅ ਹੇਠ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਵਿਚ ਸਫ਼ਾਈ ਕਰਮਚਾਰੀਆਂ, ਸਫ਼ਾਈ ਸੇਵਕਾਂ ਤੇ ਲੰਬੜਦਾਰਾਂ ਦੀਆਂ ਲਗਾਤਾਰ ਬਦਲੀ ਕਰਨ ਦੇ ਖ਼ਿਲਾਫ਼ ਕਾਂਗਰਸੀ ਕੌਂਸਲਰਾਂ ਨੇ ਭਾਰੀ ਰੋਸ ਜ਼ਾਹਿਰ ਕੀਤਾ ਹੈ | ਕੌਂਸਲਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮਨਮਰਜ਼ੀ ਬਦਲੀਆਂ ਕਾਰਨ ਉਨ੍ਹਾਂ ਦੇ ਵਾਰਡਾਂ ਵਿਚ ਸਫ਼ਾਈ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨੰੂ ਲੈ ਕੇ ਕਾਂਗਰਸੀ ਕੌਂਸਲਰਾਂ ਵਲੋਂ ਕੌਂਸਲਰ ਗੌਰਵ ਭੱਟੀ ਦੀ ਅਗਵਾਈ ਹੇਠ ਨਗਰ ਨਿਗਮ ਦੇ ਜ਼ੋਨ ਡੀ ਵਿਖੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੰੂ ਮਿਲੇ ਤੇ ਉਨ੍ਹਾਂ ਨੰੂ ਮੰਗ ਪੱਤਰ ਦਿੱਤਾ | ਕਾਂਗਰਸੀ ਕੌਂਸਲਰਾਂ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਉਨ੍ਹਾਂ ਦੇ ਵਾਰਡਾਂ ਵਿਚ 5 ਤੋਂ 6 ਵਾਰ ਸਫ਼ਾਈ ਕਰਮਚਾਰੀਆਂ, ਸੀਵਰਮੈਨਾਂ ਤੇ ਲੰਬੜਦਾਰਾਂ ਦੀ ਬਦਲੀ ਕੀਤੀ ਜਾ ਚੁੱਕੀ ਹੈ, ਜਿਸ ਨਾਲ ਉਨ੍ਹਾਂ ਦੇ ਵਾਰਡਾਂ ਵਿਚ ਸਫ਼ਾਈ ਪ੍ਰਬੰਧ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਜੋ ਕਰਮਚਾਰੀ ਕੌਂਸਲਰਾਂ ਦੀ ਸਲਾਹ ਨਾਲ ਠੀਕ ਢੰਗ ਨਾਲ ਮਿਲ ਕੇ ਕੰਮ ਕਰ ਰਹੇ ਹੁੰਦੇ ਹਨ, ਉਨ੍ਹਾਂ ਨੰੂ ਸੱਤਾਧਾਰੀ ਆਗੂਆਂ ਦੇ ਇਸ਼ਾਰਿਆਂ 'ਤੇ ਤੁਰੰਤ ਬਦਲ ਦਿੱਤਾ ਜਾਂਦਾ ਹੈ | ਕੌਂਸਲਰਾਂ ਨੇ ਮੰਗ ਕੀਤੀ ਕਿ ਸਫ਼ਾਈ ਸਟਾਫ਼ ਤੇ ਹੋਰ ਕਰਮਚਾਰੀਆਂ ਦੀ ਬਦਲੀ ਕੌਂਸਲਰਾਂ ਨਾਲ ਸਲਾਹ ਕੀਤੇ ਬਿਨਾ ਨਾ ਕੀਤੀ ਜਾਵੇ ਤੇ ਹਾਲ ਵਿਚ ਕੀਤੀਆਂ ਗਈਆਂ ਬਦਲੀਆਂ ਨੰੂ ਤੁਰੰਤ ਰੱਦ ਕੀਤਾ ਜਾਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਮਾਮਲੇ 'ਤੇ ਗੰਭੀਰਤਾ ਨਾਲ ਦਿਖਾਈ ਤਾਂ ਵਿਰੋਧ ਨੰੂ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਕਾਂਗਰਸ ਵਿਰੋਧੀ ਧਿਰ ਦੇ ਆਗੂ ਸ਼ਾਮ ਸੁੰਦਰ ਮਲਹੋਤਰਾ ਵੀ ਮੌਜੂਦ ਸਨ | ਇਸ ਮੌਕੇ ਕੌਂਸਲਰ ਹਰਜਿੰਦਰ ਪਾਲ ਲਾਲੀ, ਸਵਰਨਦੀਪ ਚਾਹਲ, ਮੋਨੂ ਖਿੰਡਾ, ਸੁਖਦੇਵ ਬਾਬਾ, ਸਤਨਾਮ ਢਿੱਲੋਂ ਅਤੇ ਅਕਾਲੀ ਦਲ ਦੇ ਕੌਂਸਲਰ ਚਤਰਵੀਰ ਸਿੰਘ ਕਮਲ ਅਰੋੜਾ ਵੀ ਮੌਜੂਦ ਸਨ |
ਸੱਤਾਧਾਰੀ ਦਬਾਅ 'ਚ ਨਗਰ ਨਿਗਮ ਪ੍ਰਸ਼ਾਸਨ
ਅਜੀਤ ਡੈਸਕ
03-01-2026