ਜ਼ੋਨ ਏ ਤੇ ਜ਼ੋਨ ਬੀ ਦੀ ਤਹਿਬਾਜ਼ਾਰੀ ਸ਼ਾਖਾ ਦੀ ਕਾਰਵਾਈ ਨਾਲ ਟ੍ਰੈਫ਼ਿਕ ਪ੍ਰਬੰਧ ਸੁਚਾਰੂ
ਲੁਧਿਆਣਾ, 4 ਜਨਵਰੀ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਟ੍ਰੈਫ਼ਿਕ ਦੀ ਸਮੱਸਿਆ ਨੂੰ ਘਟਾਉਣ ਅਤੇ ਆਮ ਲੋਕਾਂ ਨੂੰ ਸਹੂਲਤ ਮੁਹੱਈਆ ਕਰਵਾਉਣ ਨਾਲ ਨਗਰ ਨਿਗਮ ਦੇ ਜ਼ੋਨ ਏ ਅਤੇ ਜ਼ੋਨ ਬੀ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਅੱਜ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਬਹਾਦੁਰਕੇ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ | ਇਹ ਕਾਰਵਾਈ ਇੰਸਪੈਕਟਰ ਸੁਨੀਲ ਕੁਮਾਰ ਤੇ ਇੰਸਪੈਕਟਰ ਵਿਪਨ ਹਾਂਡਾ ਦੀ ਅਗਵਾਈ ਹੇਠ ਕੀਤੀ ਗਈ | ਟੀਮ ਨੇ ਸੜਕ ਉਤੇ ਲੱਗੀਆਂ ਨਾਜਾਇਜ਼ ਰੇਹੜੀਆਂ, ਫੜੀਆਂ ਅਤੇ ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ ਹਟਾ ਕੇ ਆਪਣੇ ਕਬਜ਼ੇ ਵਿਚ ਲੈ ਲਿਆ, ਜੋ ਆਵਾਜਾਈ ਵਿਚ ਰੁਕਾਵਟ ਬਣ ਰਹੇ ਸਨ | ਕਾਰਵਾਈ ਦੌਰਾਨ ਕੁੱਝ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਨਾਜਾਇਜ਼ ਤੌਰ 'ਤੇ ਫੜੀਆਂ ਲਗਾ ਕੇ ਸਾਮਾਨ ਰੱਖ ਰਹੇ ਸਨ, ਜਿਸ ਨਾਲ ਪੈਦਲ ਯਾਤਰੀਆਂ ਅਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ | ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀਆਂ ਕਾਰਵਾਈਆਂ ਅੱਗੇ ਵੀ ਨਿਰੰਤਰ ਜਾਰੀ ਰਹਿਣਗੀਆਂ ਅਤੇ ਕਿਸੇ ਨੰੂ ਵੀ ਨਾਜਾਇਜ਼ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਨਗਰ ਨਿਗਮ ਦੀ ਇਸ ਸਾਂਝੀ ਮੁਹਿੰਮ ਨਾਲ ਬਹਾਦੁਰਕੇ ਰੋਡ 'ਤੇ ਟ੍ਰੈਫ਼ਿਕ ਪ੍ਰਬੰਧ ਸੁਚਾਰੂ ਹੋਇਆ ਹੈ ਅਤੇ ਇਲਾਕਾ ਨਿਵਾਸੀਆਂ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਆਮ ਲੋਕਾਂ ਲਈ ਰਾਹਤ ਭਰਿਆ ਦੱਸਿਆ |
ਨਗਰ ਨਿਗਮ ਦੀ ਸਾਂਝੀ ਮੁਹਿੰਮ ਨਾਲ ਬਹਾਦੁਰਕੇ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਏ
ਬਹਾਦੁਰਕੇ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਉਂਦੇ ਹੋਏ ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੀਆਂ ਟੀਮਾਂ | ਤਸਵੀਰਾਂ-ਸੇਵਕ ਸਿੰਘ<br/>
05-01-2026