ਲੁਧਿਆਣਾ, 4 ਜਨਵਰੀ (ਭੁਪਿੰਦਰ ਸਿੰਘ ਬੈਂਸ)-ਮਹਾਨਗਰ ਦੇ ਚੰਡੀਗੜ੍ਹ ਰੋਡ ਸਥਿਤ ਜਮਾਲਪੁਰ ਇਲਾਕੇ ਵਿੱਚ ਸ਼ਨੀਵਾਰ ਦੇਰ ਸ਼ਾਮ ਇਕ ਘਰ ਵਿੱਚ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਦੌਰਾਨ ਘਰ ਅੰਦਰ ਪਿਆ ਗੈਸ ਸਿਲੰਡਰ ਵੀ ਫਟ ਗਿਆ, ਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਘਰ ਵਿਚੋਂ ਅੱਗ ਦੀਆਂ ਭਿਆਨਕ ਲਪਟਾਂ ਉੱਠਦੀਆਂ ਦੇਖ ਕੇ ਨੇੜਲੇ ਇਲਾਕਾ ਨਿਵਾਸੀਆਂ ਨੇ ਤੁਰੰਤ ਫਾਇਰ ਬਿ੍ਗੇਡ ਅਮਲੇ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਅਮਲਾ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਕਾਫ਼ੀ ਮੁਸ਼ਕਤ ਨਾਲ ਅੱਗ 'ਤੇ ਕਾਬੂ ਪਾਇਆ | ਫਾਇਰ ਬਿ੍ਗੇਡ ਦੀ ਤੁਰੰਤ ਕਾਰਵਾਈ ਨਾਲ ਅੱਗ ਆਸ-ਪਾਸ ਦੇ ਘਰਾਂ ਤੱਕ ਫੈਲਣ ਤੋਂ ਰੁਕ ਗਈ | ਹਾਦਸੇ ਵਿਚ ਘਰ ਅੰਦਰ ਪਿਆ ਫਰਨੀਚਰ, ਬਿਜਲੀ ਉਪਕਰਣ, ਕੱਪੜੇ ਅਤੇ ਹੋਰ ਸਾਰਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਘਰ ਮਾਲਕ ਨੂੰ ਭਾਰੀ ਮਾਲੀ ਨੁਕਸਾਨ ਹੋਇਆ ਹੈ | ਖੁਸ਼ਕਿਸਮਤੀ ਇਹ ਰਹੀ ਕਿ ਘਟਨਾ ਵੇਲੇ ਘਰ ਅੰਦਰ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਜਾਣਕਾਰੀ ਮੁਤਾਬਕ ਘਰ ਦਾ ਮਾਲਕ ਹਰਜੀਤ ਸਿੰਘ ਆਪਣੇ ਪਰਿਵਾਰ ਸਮੇਤ ਸ਼ਾਮ ਨੂੰ ਹੀ ਹੁਸ਼ਿਆਰਪੁਰ ਗਿਆ ਹੋਇਆ ਸੀ, ਜਿਸ ਕਰਕੇ ਘਰ ਬੰਦ ਪਿਆ ਸੀ | ਅੱਗ ਲੱਗਣ ਦੇ ਸਹੀ ਕਾਰਨ ਦਾ ਹਾਲੇ ਤੱਕ ਸਪਸ਼ਟ ਪਤਾ ਨਹੀਂ ਲੱਗ ਸਕਿਆ, ਪਰ ਪ੍ਰਾਰੰਭਿਕ ਜਾਂਚ ਦੌਰਾਨ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਹਰ ਪੱਖੋਂ ਤਫਤੀਸ਼ ਕੀਤੀ ਜਾ ਰਹੀ ਹੈ |