ਲੁਧਿਆਣਾ, 4 ਜਨਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ13 ਵਿਦਿਆਰਥੀਆਂ ਨੂੰ ਪੀ ਐੱਚ ਡੀ ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਲ ਹੋਈ ਹੈ | ਇਸ ਸਬੰਧੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਦਿਆਰਥੀਆਂ ਲਈ ਪ੍ਰਸ਼ੰਸ਼ਾ ਭਰੇ ਲਹਿਜ਼ੇ ਵਿਚ ਕਿਹਾ ਕਿ ਇਹ ਪ੍ਰਾਪਤੀ ਕਿਸੇ ਸੰਸਥਾ ਦੀ ਅਕਾਦਮਿਕ ਦਸ਼ਾ ਅਤੇ ਦਿਸ਼ਾ ਬਾਰੇ ਸੰਕੇਤ ਕਰਨ ਲਈ ਕਾਫੀ ਹੈ | ਇਸ ਤੋਂ ਸਿੱਧ ਹੁੰਦਾ ਹੈ ਕਿ ਪੀ.ਏ.ਯੂ. ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੀ ਅਗਵਾਈ ਸਹੀ ਮਾਹਿਰਾਂ ਅਤੇ ਦੂਰ ਦਿ੍ਸ਼ਟੀ ਨਾਲ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਇਹਨਾਂ ਫੈਲੋਸ਼ਿਪ ਹਾਸਲ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਖੇਤੀ ਖੋਜ ਨੂੰ ਪ੍ਰਯੋਗਸ਼ਾਲਾਂ ਤੋਂ ਅਗਾਂਹ ਖੇਤ ਅਤੇ ਕਿਸਾਨਾਂ ਦੀ ਭਲਾਈ ਤੱਕ ਲਿਜਾਣ ਲਈ ਸਿਰਤੋੜ ਯਤਨ ਕਰਨ | ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਇਸ ਕਾਮਯਾਬੀ ਨੂੰ ਕਿਸੇ ਸੰਸਥਾ ਦੇ ਵਰਿ੍ਹਆਂ ਬੱਧੀ ਮਿਹਨਤ ਦਾ ਫਲ ਕਿਹਾ | ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਇਹ ਤਦਾਦ ਸਾਬਿਤ ਕਰਦੀ ਹੈ ਕਿ ਪੀ.ਏ.ਯੂ. ਦੇਸ਼ ਦੀ ਖੇਤੀ ਖੋਜ ਅਤੇ ਅਕਾਦਮਿਕਤਾ ਦੀ ਅਗਵਾਈ ਕਰਨ ਲਈ ਤਿਆਰ-ਬਰ-ਤਿਆਰ ਹੈ | ਪੀ.ਏ.ਯੂ. ਦੇ 13 ਵਿਦਿਆਰਥੀ ਅਤੇ ਉਨ੍ਹਾਂ ਦੇ ਉਦਯੋਗਿਕ ਸਾਂਝੀਦਾਰ ਇਸ ਇਕੱਤਰਤਾ ਦੌਰਾਨ ਹਾਜ਼ਰ ਰਹੇ | ਇਨ੍ਹਾਂ ਵਿਚ ਦੀਪਤੀ ਜਸਵਾਲ, ਰੇਨੂੰਕਾ ਸਾਹੂ, ਜੌਹਰ ਸਿੰਘ, ਅਕਸ਼ੀ ਅੱਤਰੀ, ਉਦੈ ਕੁਮਾਰ, ਆਰਤੀ ਗੁਪਤਾ, ਗੁਰਪ੍ਰੀਤ ਕੌਰ, ਸੁਤੇਜ ਸਿੰਘ ਬੈਂਸ, ਆਂਚਲ ਮਹਾਂਦੇਵਰਾਓ, ਤਰੁਨ ਕੁਮਾਰ ਮੀਣਾ, ਗੋਰਵ ਅਗਸਟੀਨ, ਦਿਲਪ੍ਰੀਤ ਕੌਰ ਮਾਂਗਟ ਦੇ ਨਾਂਅ ਜ਼ਿਕਰਯੋਗ ਹਨ |