ਲੁਧਿਆਣਾ, 4 ਜਨਵਰੀ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਰਿਸ਼ੀ ਨਗਰ ਇਲਾਕੇ ਵਿਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇਕ ਘਰ ਵਿਚ ਅਚਾਨਕ ਫ਼ਰਿਜ ਦਾ ਕੰਪ੍ਰੈਸਰ ਫੱਟ ਗਿਆ | ਇਸ ਹਾਦਸੇ ਵਿਚ ਪਤੀ ਪਤਨੀ ਬੁਰੀ ਤਰ੍ਹਾਂ ਝੁਲਸ ਗਏ | ਘਰ ਵਿਚੋਂ ਚੀਕਾਂ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਤੁਰੰਤ ਅੰਦਰ ਦਾਖਲ ਹੋ ਕੇ ਦੋਵਾਂ ਨੰੂ ਬਚਾਇਆ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ | ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਖਮੀਆਂ ਦੀ ਪਛਾਣ ਨੀਤੂ (32) ਅਤੇ ਨੀਰਜ (32) ਵਜੋਂ ਹੋਈ ਹੈ, ਜੋ ਰਿਸ਼ੀ ਨਗਰ ਦੇ ਰਹਿਣ ਵਾਲੇ ਹਨ | ਦੱਸਿਆ ਗਿਆ ਹੈ ਕਿ ਨੀਤੂ ਜਿਵੇਂ ਹੀ ਸਾਮਾਨ ਰੱਖਣ ਲਈ ਫ਼ਰਿਜ ਦਾ ਦਰਵਾਜ਼ਾ ਖੋਲ੍ਹ ਰਹੀ ਸੀ, ਉਸ ਵੇਲੇ ਅਚਾਨਕ ਕੰਪ੍ਰੈਸਰ ਫੱਟ ਗਿਆ ਤੇ ਅੱਗ ਭੜਕ ਉਠੀ | ਘਟਨਾ ਸਮੇਂ ਨੀਰਜ ਨੇੜੇ ਹੀ ਮੌਜੂਦ ਸੀ | ਉਸ ਨੇ ਆਪਣੀ ਪਤਨੀ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਉਸ ਦੀ ਬਾਂਹ ਵੀ ਸੜ ਗਈ | ਨੀਰਜ ਵਲੋਂ ਰੌਲਾ ਪਾਉਣ 'ਤੇ ਨੇੜਲੇ ਲੋਕ ਤੁਰੰਤ ਮੌਕੇ 'ਤੇ ਪੁੱਜੇ ਅਤੇ ਦੋਵਾਂ ਨੰੂ ਘਰੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਲਿਆਂਦਾ ਗਿਆ | ਡਾਕਟਰਾਂ ਅਨੁਸਾਰ ਨੀਤੂ ਦੀ ਹਾਲਤ ਗੰਭੀਰ ਹੈ, ਕਿਉਂਕਿ ਉਸ ਦਾ ਚਿਹਰਾ ਅਤੇ ਛਾਤੀ ਅੱਗ ਨਾਲ ਬੁਰੀ ਤਰ੍ਹਾਂ ਸੜ ਗਈ ਹੈ | ਹਾਲਤ ਵਿਗੜਦੀ ਦੇਖ ਕੇ ਡਾਕਟਰਾਂ ਨੇ ਦੋਵਾਂ ਨੰੂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ |