ਲੁਧਿਆਣਾ, 6 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਸੱਤ ਦੇ ਕੇ ਅੰਦਰ ਪੈਂਦੇ ਇਲਾਕੇ ਈ.ਡਬਲਯੂ.ਐਸ. ਕਾਲੋਨੀ ਵਿਚ ਇਕ ਮਹਿਲਾ ਵਕੀਲ ਵਲੋਂ ਸ਼ੱਕੀ ਹਾਲਾਤਾਂ ਮÏਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਦਕਿ ਮਿ੍ਤਕ ਦੀ ਮਾਂ ਨੇ ਉਸ ਨੂੰ ਕੁੱਝ ਵਿਅਕਤੀਆਂ ਵਲੋਂ ਕਤਲ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਜਾਣਕਾਰੀ ਅਨੁਸਾਰ ਮਿ੍ਤਕ ਮਹਿਲਾ ਵਕੀਲ ਦੀ ਸ਼ਨਾਖ਼ਤ ਦਿਲਜੋਤ ਵਜੋਂ ਕੀਤੀ ਗਈ ਹੈ | ਉਸਦੀ ਉਮਰ 25 ਸਾਲ ਦੇ ਕਰੀਬ ਸੀ | ਉਹ ਮੂਲ ਰੂਪ ਵਿਚ ਮਾਨਸਾ ਦੇ ਪਿੰਡ ਜੋਗਾ ਰੱਲਾ ਦੀ ਰਹਿਣ ਵਾਲੀ ਸੀ, ਪਰ ਪਿਛਲੇ ਕੁੱਝ ਸਮੇਂ ਤੋਂ ਉਹ ਇੱਥੇ ਕਿਰਾਏ ਦੇ ਕਮਰੇ ਵਿਚ ਰਹਿ ਰਹੀ ਸੀ ਅਤੇ ਇੱਥੇ ਹੀ ਪ੍ਰੈਕਟਿਸ ਕਰਦੀ ਸੀ | ਜ਼ਿਆਦਾਤਰ ਦਿਲਜੋਤ ਮਜ਼ਦੂਰਾਂ ਦੇ ਕੇਸਾਂ ਦੀ ਲੇਬਰ ਕੋਰਟ ਵਿਚ ਪੈਰਵੀ ਕਰਦੀ ਸੀ | ਬੀਤੀ ਰਾਤ ਉਸ ਦੀ ਅਚਾਨਕ ਤਬੀਅਤ ਵਿਗੜ ਗਈ | ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਕਿ ਉਹ ਦਮ ਤੋੜ ਗਈ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮÏਕੇ 'ਤੇ ਪਹੁੰਚੇ | ਜਾਂਚ ਅਧਿਕਾਰੀ ਏ.ਸੀ.ਪੀ. ਸੁਮਿਤ ਸੂਦ ਨੇ ਦੱਸਿਆ ਕਿ ਹਾਲ ਦੀ ਘੜੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ | ਪੁਲਿਸ ਨੇ ਉਸ ਦੀ ਅਲਮਾਰੀ ਵਿਚੋਂ ਇਕ ਚਿੱਠੀ ਬਰਾਮਦ ਕੀਤੀ ਹੈ, ਜਿਸ ਦੀ ਕਿ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਖ਼ੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ | ਉਨ੍ਹਾਂ ਦੱਸਿਆ ਕਿ ਭਲਕੇ ਮਿ੍ਤਕ ਵਕੀਲ ਦਾ ਪੋਸਟਮਾਰਟਮ ਡਾਕਟਰਾਂ ਦੇ ਇਕ ਬੋਰਡ ਤੋਂ ਕਰਵਾਇਆ ਜਾਵੇਗਾ ਅਤੇ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ | ਇਸ ਦੌਰਾਨ ਮਿ੍ਤਕ ਦੀ ਮਾਂ ਵੀਰਪਾਲ ਨੇ ਦੱਸਿਆ ਕਿ ਉਸਦੀ ਲੜਕੀ ਦੀ ਹੱਤਿਆ ਕੀਤੀ ਗਈ ਹੈ ਅਤੇ ਇਸ ਵਿਚ ਉਸਦੇ ਨਾਲ ਰਹਿਣ ਵਾਲੀ ਲੜਕੀ ਅਤੇ ਕੁੱਝ ਹੋਰ ਵਿਅਕਤੀ ਸ਼ਾਮਿਲ ਹਨ | ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ |